ਚੰਡੀਗੜ੍ਹ 3 ਅਕਤੂਬਰ ( ਖ਼ਬਰ ਖਾਸ ਬਿਊਰੋ)
ਕਿਸਾਨ ਅੰਦੋਲਨ ਨੂੰ ਅੱਗੇ ਵਧਾਉਂਦਿਆਂ ਕਿਸਾਨ ਮੋਰਚਾ ਨੇ ਦੇਸ਼ ਵਿਆਪੀ ਰੇਲਾਂ ਦੇ ਚੱਕੇ ਜਾਮ ਕਰਨ ਦਾ ਸੱਦਾ ਦਿੱਤਾ ਹੈ। ਗੱਡੀਆਂ ਦੇ ਪਹੀਏ ਰੋਕਣ ਲਈ ਬਕਾਇਦਾ ਕਿਸਾਨ ਆਗੂਆਂ ਦੀ ਡਿਊਟੀ ਲਗਾਈ ਗਈ ਹੈ। ਕਰੀਬ ਤਿੰਨ ਘੰਟੇ ਲਈ ਦੇਸ਼ ਭਰ ਵਿਚ ਗੱਡੀਆਂ ਦੇ ਚੱਕੇ ਜਾਮ ਹੋਣਗੇ। ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਲਖੀਮਪੁਰ ਖੇੜੀ ਕਾਂਡ ਵਿੱਚ ਇਨਸਾਫ਼ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ 50 ਤੋਂ ਵੱਧ ਥਾਵਾਂ ’ਤੇ ਤਿੰਨ ਘੰਟੇ ਰੇਲਾਂ ਰੋਕੇਗੀ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦੁਪਹਿਰ ਨੂੰ ਤਿੰਨ ਘੰਟੇ ਲਈ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ। ਪੰਧੇਰ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਵੇ ਅਤੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਹ ਰੇਲ ਰੋਕੋ ਅੰਦੋਲਨ ਦੁਪਹਿਰ 12:30 ਤੋਂ 2:30 ਵਜੇ ਤੱਕ ਚੱਲੇਗਾ। ਇਹ ਅੰਦੋਲਨ ਲਖੀਮਪੁਰ ਖੇੜੀ ਕਾਂਡ ਦੇ ਮੁੱਖ ਦੋਸ਼ੀ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਅਸ਼ੀਸ਼ ਮੋਨੂੰ ਮਿਸ਼ਰਾ ਨੂੰ ਸਜ਼ਾ ਨਾ ਦਿੱਤੇ ਜਾਣ ਦੇ ਵਿਰੋਧ ਅਤੇ ਐਮਐਸਪੀ ਸਮੇਤ ਬਾਕੀ 12 ਮੰਗਾਂ ਦੇ ਸਮਰਥਨ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ, ਐਮਪੀ, ਤਾਮਿਲਨਾਡੂ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ।
ਇਹਨਾਂ ਥਾਵਾਂ ‘ਤੇ ਹੋਣਗੇ ਚੱਕੇ ਜਾਮ
ਪੰਧੇਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਟਾਲਾ, ਤਰਨਤਾਰਨ ਸ਼ਹਿਰ ਅਤੇ ਜ਼ਿਲ੍ਹਾ ਤਰਨਤਾਰਨ ਵਿੱਚ ਪੱਟੀ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਟਾਂਡਾ ਅਤੇ ਹੁਸ਼ਿਆਰਪੁਰ ਖਾਸ, ਜ਼ਿਲ੍ਹਾ ਲੁਧਿਆਣਾ ਵਿੱਚ ਕਿਲਾ ਰਾਏਪੁਰ ਅਤੇ ਸਾਹਨੇਵਾਲ, ਜ਼ਿਲ੍ਹਾ ਜਲੰਧਰ ਵਿੱਚ ਫਿਲੌਰ ਅਤੇ ਲੋਹੀਆ ਸ਼ਾਮਲ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਤਲਵੰਡੀ ਭਾਈ, ਮੱਲਾਂਵਾਲਾਂ, ਮੱਖੂ, ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ, ਜ਼ਿਲ੍ਹਾ ਮੋਗਾ ਵਿੱਚ ਮੋਗਾ ਸਟੇਸ਼ਨ, ਪਟਿਆਲਾ ਵਿੱਚ ਪਟਿਆਲਾ ਸਟੇਸ਼ਨ, ਜ਼ਿਲ੍ਹਾ ਮੁਕਤਸਰ ਵਿੱਚ ਮਲੋਟ, ਜ਼ਿਲ੍ਹਾ ਕਪੂਰਥਲਾ ਵਿੱਚ ਹਮੀਰਾ ਅਤੇ ਸੁਲਤਾਨਪੁਰ, ਜ਼ਿਲ੍ਹਾ ਸੰਗਰੂਰ ਵਿੱਚ ਸੁਨਾਮ, ਜ਼ਿਲ੍ਹਾ ਮਾਲੇਰਕੋਟਲਾ ਵਿੱਚ ਅਹਿਮਦਗੜ੍ਹ ਮੰਡੀ, ਫਰੀਦਕੋਟ ਸ਼ਹਿਰ, ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਅਤੇ ਪਠਾਨਕੋਟ ਜ਼ਿਲ੍ਹੇ ਦੇ ਪਰਮਾਨੰਦ ਤੋਂ ਇਲਾਵਾ ਹਰਿਆਣਾ ਵਿੱਚ ਤਿੰਨ ਥਾਵਾਂ, ਰਾਜਸਥਾਨ ਵਿੱਚ ਦੋ ਥਾਵਾਂ, ਤਾਮਿਲਨਾਡੂ ਵਿੱਚ ਦੋ ਥਾਵਾਂ ਤੇ ਮੱਧ ਪ੍ਰਦੇਸ਼ ਵਿੱਚ ਦੋ ਥਾਵਾਂ ਤੋਂ ਇਲਾਵਾ ਯੂਪੀ ਵਿੱਚ ਤਿੰਨ ਥਾਵਾਂ ’ਤੇ ਰੇਲ ਮਾਰਗ ਜਾਮ ਕੀਤਾ ਜਾਵੇਗਾ। .