ਨਾਂਦੇੜ (ਮਹਾਰਾਸ਼ਟਰ), 20 ਅਗਸਤ: (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਤਖਤ ਸ੍ਰੀ ਹਜ਼ੂਰ ਸਾਹਿਬ (ਨਾਦੇੜ ਸਾਹਿਬ) ਵਿਖੇ ਨਤਮਸਤਕ ਹੋਏ। ਮੁੱਖ ਮੰਤਰੀ ਮੰਗਲਵਾਰ ਨੂੰ ਪਰਿਵਾਰ ਸਮੇਤ , ਆਪਣੀ ਪਤਨੀ ਡਾ ਗੁਰਪ੍ਰੀਤ ਕੌਰ ਨਾਲ ਪਹਿਲੀ ਵਾਰ ਤਖ਼ਤ ਹਜੂਰ ਸਾਹਿਬ ਗਏ ਹਨ।
ਬੁ੍ਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੰਬਈ ਵਿਖੇ ਉਦਯੋਗ ਜਗਤ ਨਾਲ ਸਬੰਧਤ ਵੱਡੇ ਕਾਰੋਬਾਰੀਆਂ ਨਾਲ ਮਿਲਣ ਦਾ ਪ੍ਰੋਗਰਾਮ ਹੈ। ਮੁੱਖ ਮੰਤਰੀ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਗੇ। ਭਾਜਪਾ ਨਾਲ ਸਬੰਧਿਤ ਇਕ ਵੱਡੇ ਕਾਰੋਬਾਰੀ ਨਾਲ ਵੀ ਮੁੱਖ ਮੰਤਰੀ ਦਾ ਮਿਲਣ ਦਾ ਪ੍ਰੋਗਰਾਮ ਹੈ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਦਾ ਮੁੰਬਈ ਵਿਖੇ ਚਾਰ-ਪੰਜ ਉਦਯੋਗਪਤੀਆਂ ਨਾਲ ਮੀਟਿੰਗ ਕਰਨ ਦਾ ਸ਼ਡਿਊਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਤਖ਼ਤ ਸ੍ਰੀ ਹਜ਼ੂਰ ਸਾਹਿਬ, ਸਿੱਖ ਧਰਮ ਦੇ ਪੰਜ ਸਰਵਉੱਚ ਧਾਰਮਿਕ ਅਸਥਾਨਾਂ: ਸ੍ਰੀ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਅਤੇ ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਵਿੱਚੋਂ ਇੱਕ ਪਵਿੱਤਰ ਸਥਾਨ ਹੈ, ਜਿੱਥੋਂ ਕੌਮ ਨੂੰ ਅਧਿਆਤਮਕ, ਅਲੌਕਿਕ ਅਤੇ ਨੈਤਿਕ ਤਾਕਤ ਤੇ ਰਹਿਨੁਮਾਈ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਧਰਮ ਨਿਰਪੱਖਤਾ ਦੀਆਂ ਸਦੀਆਂ ਪੁਰਾਣੀਆਂ ਰਵਾਇਤਾਂ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇਸ ਪਵਿੱਤਰ ਸਥਾਨ ’ਤੇ ਹੀ ਗੁਜ਼ਾਰਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ’ਤੇ ਨਤਮਸਤਕ ਹੋਣ ਦਾ ਮੌਕਾ ਪਾ ਕੇ ਉਹ ਖ਼ੁਦ ਨੂੰ ਵਡਭਾਗਾ ਸਮਝਦੇ ਹਨ।
ਮੁੱਖ ਮੰਤਰੀ ਨੇ ਪੂਰੀ ਨਿਮਰਤਾ ਅਤੇ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖ਼ਸ਼ਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਮਨ ਪਸੰਦ ਸਮਾਜ ਦੀ ਸਿਰਜਣਾ ਲਈ ਜਾਤ, ਰੰਗ, ਨਸਲ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ। ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਵੀ ਪਰਮਾਤਮਾ ਦਾ ਧੰਨਵਾਦ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਹੋਣ ਵਾਲੀ ਮੁੰਬਈ ਫੇਰੀ ਦੌਰਾਨ ਉੱਘੇ ਉਦਯੋਗਪਤੀਆਂ ਅਤੇ ਬਾਲੀਵੁੱਡ ਸਿਤਾਰਿਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮਕਸਦ ਉਦਯੋਗ ਅਤੇ ਫਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਵਿੱਚ ਪੰਜਾਬ ਨੂੰ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉਭਾਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਫਿਲਮ ਸਿਟੀ ਸਥਾਪਤ ਕਰਨ ਲਈ ਇੱਕ ਪ੍ਰੋਜੈਕਟ ਲੈ ਕੇ ਆ ਰਹੀ ਹੈ, ਜਿਸ ਲਈ ਇਹ ਵਿਚਾਰ-ਵਟਾਂਦਰਾ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ।
ਮੁੱਖ ਮੰਤਰੀ ਇਹਨਾਂ ਉਦਯੋਗਪਤੀਆਂ ਨਾਲ ਕਰਨਗੇ ਮੀਟਿੰਗ
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮੁੰਬਈ ਵਿਖੇ ਵੱਡੇ ਕਾਰੋਬਾਰੀਆਂ ਨਾਲ ਮੀਟਿੰਗ ਕਰਨਗੇ। ਜਾਣਕਾਰੀ ਅਨੁਸਾਰ ਜਿੰਦਲ ਸਟੀਲ ਕੰਪਨੀ ਭਾਜਪਾ ਨੇਤਾ ਨਵੀਨ ਜਿੰਦਲ ਦੀ ਕੰਪਨੀ ਹੈ। ਮੁੱਖ ਮੰਤਰੀ ਪੰਜਾਬ ਵਿਚ ਸਟੀਲ ਪਲਾਂਟ ਲਗਾਉਣ ਲਈ ਮਨਾਉਣ ਦਾ ਯਤਨ ਕਰਨਗੇ। ਜੇਕਰ ਨਵੀਨ ਜਿੰਦਲ ਪੰਜਾਬ ਵਿਚ ਸਟੀਲ ਕੰਪਨੀ ਲਾਉਣ ਲਈ ਸਹਿਮਤੀ ਦੇ ਦਿੰਦੇ ਹਨ ਤਾਂ ਕਰੀਬ 2600 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਵਿਚ ਆ ਸਕਦਾ ਹੈ। ਜਿੰਦਲ ਗਰੁੱਪ ਰਾਜਪੁਰਾ ਨੇੜੇ ਸਟੀਲ ਪਲਾਂ ਲਗਾ ਸਕਦਾ ਹੈ। ਇਸੀ ਤਰਾਂ ਆਈਟੀ ਸੈਕਟਰ ਦੀ ਵੱਡੀ ਡਾਟਾ ਬੇਸ ਕੰਪਨੀ ਸਿਫੀ ਟੈਕਨਾਲੋਜੀ ਦੇ ਪ੍ਰਬੰਧਕਾਂ ਨਾਲ ਵੀ ਕਰਨਗੇ। ਇਸੀ ਤਰਾਂ ਟਾਇਰ ਕੰਪਨੀ CEAT Tyres ਉੱਤਰੀ ਭਾਰਤ ਵਿੱਚ ਆਪਣਾ ਪਹਿਲਾ ਪਲਾਂਟ ਲਗਾਉਣਾ ਚਾਹੁੰਦੀ ਹੈ। ਮੁੱਖ ਮੰਤਰੀ ਦਾ ਇਸ ਕੰਪਨੀ ਦੇ ਨੁਮਾਇੰਦਿਆਂ ਨੂੰ ਮਿਲਣ ਦਾ ਵੀ ਪ੍ਰੋਗਰਾਮ ਦੱਸਿਆ ਜਾਂਦਾ ਹੈ। ਨਵਾਂਸ਼ਹਿਰ ਵਿਖੇ ਸਨ ਫਾਰਮਾ ਦਾ ਇੱਕ ਪਲਾਂਟ ਹੈ, ਜਿਸਦਾ ਉਹ 300 ਕਰੋੜ ਰੁਪਏ ਦਾ ਨਿਵੇਸ਼ ਕਰਕੇ ਵਿਸਥਾਰ ਕਰਨਾ ਚਾਹੁੰਦੀ ਹੈ। ਮੁੱਖ ਮੰਤਰੀ ਸਨ ਫਾਰਮਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕਰਨਗੇ। ਇਸਤੋ ਇਲਾਵਾ ਫਿਲਮ ਜਗਤ ਅਤੇ ਸੰਗੀਤ ਜਗਤ ਦੀਆਂ ਹਸਤੀਆਂ ਨਾਲ ਗੱਲਬਾਤ ਕਰਕੇ ਮੋਹਾਲੀ , ਲੁਧਿਆਣਾ ਵਿਖੇ ਫਿਲਮ ਸਿਟੀ ਬਣਾਉਣ ਜਾਂ ਪੰਜਾਬ ਵਿਚ ਵਪਾਰ ਸਥਾਪਤ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ। ਮੁੱਖ ਮੰਤਰੀ ਸਿਆਸਤ ਵਿਚ ਆਉਣ ਤੋ ਪਹਿਲਾਂ ਸੰਗੀਤ ਜਗਤ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੂੰ ਫਿਲਮਾਂ, ਮੰਨੋਰੰਜਨ, ਸੰਗੀਤ ਬਾਰੇ ਚੰਗੀ ਜਾਣਕਾਰੀ ਹੈ ਤੇ ਇਸ ਖੇਤਰ ਨਾਲ ਜੁੜੇ ਕਾਰੋਬਾਰੀਆਂ ਨਾਲ ਵੀ ਪੁਰਾਣੀ ਸਾਂਝ ਹੈ।