ਅੰਮ੍ਰਿਤਸਰ 01 ਜੁਲਾਈ:(ਖ਼ਬਰ ਖਾਸ ਬਿਊਰੋ)
ਸਤਿਕਾਰਯੋਗ ਸਿੰਘ ਸਾਹਿਬ ਭਾਈ ਰਘਬੀਰ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮਿ੍ਤਸਰ ਸਾਹਿਬ।
ਵਿਸ਼ਾ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਗੁਰੂ ਅਤੇ ਗੁਰੂ ਪੰਥ ਕੋਲੋਂ ਖ਼ਿਮਾ ਜਾਚਨਾ ਕਰਨ ਸੰਬੰਧੀ ।
ਜਥੇਦਾਰ, ਆਪ ਭਲੀ-ਭਾਂਤ ਜਾਣੂ ਹੋ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ। ਇਸ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੌਮੀ ਰਾਜਨੀਤੀ ਅਤੇ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਰੋਲ ਅਦਾ ਕੀਤਾ ਹੈ। ਇਹ ਜਥੇਬੰਦੀ ਸਿੱਖ ਪੰਥ ਦੇ ਧਾਰਮਿਕ ਅਤੇ ਰਾਜਨੀਤਕ ਹਿੱਤਾਂ ਲਈ ਵੀ ਹਮੇਸ਼ਾ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੀ ਰਹੀ ਹੈ। ਇਸ ਨੇ ਖਾਸ ਕਰਕੇ ਗੁਰਧਾਮਾਂ ਦੀ ਸਾਂਭ-ਸੰਭਾਲ ਵਿਚ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਹੈ।
ਸਮੇਂ-ਸਮੇਂ ਇਸ ਨੇ ਪੰਜਾਬ ਵਿਚ ਲੋਕਾਂ ਤੋਂ ਫਤਵਾ ਲੈ ਕੇ ਆਪਣੀਆਂ ਸਰਕਾਰਾਂ ਵੀ ਬਣਾਈਆਂ ਹਨ ਅਤੇ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਮਹੱਤਵਪੂਰਨ ਫੈਸਲੇ ਲੈ ਕੇ ਇਹ ਆਪਣਾ ਇਤਿਹਾਸਕ ਰੋਲ ਅਦਾ ਕਰਦੀ ਰਹੀ ਹੈ। ਪਰ 2007 ਤੋਂ ਲੈ ਕੇ 2017 ਦੇ ਦਰਮਿਆਨ ਰਾਜ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਬਣੀ ਸੀ, ਉਸ ਸਮੇਂ ਅਨੇਕਾਂ ਭੁੱਲਾਂ ਹੋਈਆਂ ਸਨ, ਜਿਨ੍ਹਾਂ ਕਾਰਨ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਦਾ ਇਕ ਵੱਡਾ ਹਿੱਸਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬਦਜ਼ਨ ਹੋ ਗਿਆ ਹੈ। ਇਸ ਕਾਰਨ ਜਿਥੇ ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਖੇਤਰ ਵਿਚ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪਿਆ ਹੈ, ਉਥੇ ਰਾਜਨੀਤਕ ਖੇਤਰ ਵਿਚ ਵੀ ਲੋਕਾਂ ਦੀ ਬੇਰੁਖੀ ਝੱਲਣੀ ਪਈ ਹੈ। ਇਸ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ
ਅਤੇ ਖਾਸ ਤੌਰ ‘ਤੇ ਸੁਖਬੀਰ ਸਿੰਘ ਬਾਦਲ ਤੋਂ ਹੋਈਆਂ ਕੁਝ ਵੱਡੀਆਂ ਗਲਤੀਆਂ ਦਾ ਵੇਰਵਾ ਇਸ ਪ੍ਰਕਾਰ ਹੈ :-
1. ਸਲਾਬਤਪੁਰਾ ਵਿਖੇ 2007 ਵਿਚ ਸੱਚਾ ਸੌਦਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਦਸਵੇਂ ਪਾਤਿਸ਼ਾਹ ਸੀ ਗੁਰ ਗੋਬਿੰਦ ਸਿੰਘ ਜੀ ਵਲੋਂ ਅੰਮਿਤ ਛਕਾਉਣ ਦੀ ਨਕਲ ਕਰਦਿਆਂ
ਉਸੇ ਤਰ੍ਹਾਂ ਦੇ ਵਸਤਰ ਧਾਰਨ ਕਰਕੇ ਅੰਮ੍ਰਿਤ ਛਕਾਉਣ ਦਾ ਸਵਾਂਗ ਰਚਿਆ ਗਿਆ। ਇਸ ਵਿਰੁੱਧ ਉਸ ਸਮੇਂ ਪੁਲਿਸ ਕੇਸ ਵੀ ਦਰਜ ਹੋਇਆ। ਪਰ ਬਾਅਦ ਵਿਚ ਇਸ ਅਵੱਗਿਆ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇ ਭਾਗੀ ਬਣਾਉਣ ਲਈ ਅਗਲੇਰੀ ਕਾਰਵਾਈ ਕਰਨ ਦੀ ਥਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੇਸ ਹੀ ਵਾਪਸ ਲੈ ਲਿਆ।
2. ਉਪਰੋਕਤ ਘਟਨਾਕ੍ਰਮ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਬੰਧਤ ਡੇਰੇ ਦਾਰ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ ਅਤੇ ਸਿੱਖ ਪੰਥ ਨੂੰ ਉਸ ਨਾਲ ਕੋਈ ਵੀ ਸਰੋਕਾਰ ਨਾ ਰੱਖਣ ਦਾ ਬਾਕਾਇਦਾ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ। ਪਰ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ‘ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰੇ ਦਾਰ ਨੂੰ ਮੁਆਫ ਕਰਵਾ ਦਿੱਤਾ ਜਿਸ ਸੰਬੰਧੀ ਆਪ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੁਲਾ ਕੇ ਸਪੱਸ਼ਟੀਕਰਨ ਲੈ ਸਕਦੇ ਹੋ ਅਤੇ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਖ਼ਬਾਰਾਂ ਵਿਚ ਲਗਭਗ 90 ਲੱਖ ਰੁਪਏ ਖਰਚ ਕਰਕੇ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ। ਪਰ ਸਿੱਖ ਪੰਥ ਦੇ ਰੋਹ ਤੇ ਰੋਸ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫ਼ੈਸਲੇ ਤੋਂ ਪਿੱਛੇ ਹਟਣਾ ਪਿਆ।
3. 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੁਝ ਅਨਸਰਾਂ ਵਲੋਂ ਚੋਰੀ ਕਰਕੇ ਇਸ ਦੇ 110 ਅੰਗਾਂ ਦੀ, 12 ਅਕਤੂਬਰ, 2015 ਨੂੰ ਬਰਗਾੜੀ (ਫ਼ਰੀਦਕੋਟ) ਦੇ ਗੁਰਦੁਆਰਾ ਸਾਹਿਬ ਨੇੜੇ ਜਮੀਨ ‘ਤੇ ਸੁੱਟ ਕੇ ਬੇਦਅਬੀ ਕੀਤੀ ਗਈ, ਇਸ ਨਾਲ ਸਿੱਖ ਪੰਥ ਵਿਚ ਭਾਰੀ ਰੋਸ ਫੈਲ ਗਿਆ। ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਦੀ ਨਾ ਤਾਂ ਸਮੇਂ ਸਿਰ ਸਹੀ-ਸਹੀ ਜਾਂਚ ਕਰਵਾ ਸਕੇ ਅਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਸਫਲ ਹੋਏ। ਇਸ ਨਾਲ ਪੰਜਾਬ ਦੇ ਹਾਲਾਤ ਵਿਗੜੇ ਅਤੇ ਕੋਟਕਪੂਰਾ ਅਤੇ ਬਹਿਬਲਕਲਾਂ ਵਿਚ ਦੁਖਦਾਈ ਕਾਂਡ ਵਾਪਰੇ। ਇਨ੍ਹਾਂ ਕਾਂਡਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਵਾਬਦੇਹ ਨਹੀਂ ਬਣਾ ਸਕੀ ਸੀ।
4. ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਕ ਹੋਰ ਵੱਡੀ ਗਲਤੀ ਕਰਦਿਆਂ ਸੁਮੇਧ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਾਇਆ, ਜੋ ਰਾਜ ਵਿਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਲਈ ਬਦਨਾਮ ਸੀ ਅਤੇ ਇਕ ਪੁਲਿਸ ਕਰਮੀ ਇਜ਼ਹਾਰ ਆਲਮ ਜਿਸ ਨੇ ਆਲਮ ਸੈਨਾ ਦਾ ਗਠਨ ਕੀਤਾ, ਉਸ ਦੀ ਪਤਨੀ ਨੂੰ ਟਿਕਟ ਦੇ ਕੇ ਥਾਪੜਾ ਦਿੱਤਾ ਅਤੇ ਚੀਫ ਪਾਰਲੀਮੈਨੀ ਸਕੱਤਰ ਬਣਾਇਆ। ਇਥੇ ਅਸੀਂ ਇਹ ਵੀ ਵਰਣਨ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ 2012 ਵਿਚ ਬਣੀ ਸਰਕਾਰ ਅਤੇ ਇਸ ਤੋਂ ਪਹਿਲੀਆਂ ਅਕਾਲੀ ਸਰਕਾਰਾਂ ਵੀ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਰਾਜ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਅਤੇ ਪੀੜਤਾਂ ਨੂੰ ਰਾਹਤ ਦੇਣ ਵਿਚ ਵੀ ਅਸਫ਼ਲ ਰਹੀਆਂ।
ਇਹ ਅਤੇ ਇਸ ਤਰ੍ਹਾਂ ਦੇ ਕਈ ਹੋਰ ਘਟਨਾਕ੍ਰਮ ਕਰਕੇ ਸਿੱਖ ਪੰਥ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਰਾਜ਼ ਤੇ ਨਿਰਾਸ਼ ਹੋ ਗਿਆ, ਜਿਸ ਕਾਰਨ ਰਾਜਨੀਤਕ ਅਤੇ ਧਾਰਮਿਕ ਖੇਤਰ ਵਿਚ ਇਸ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਚਲੀ ਗਈ। ਇਸ ਦਾ ਸਿੱਟਾ ਇਹ ਵੀ ਨਿਕਲਿਆ ਕਿ ਦੇਸ਼ ਵਿਚ ਅਤੇ ਪੰਜਾਬ ਵਿਚ ਬੰਦੀ ਸਿੰਘਾਂ ਅਤੇ ਦੇਸ਼-ਵਿਦੇਸ਼ ਵਿਚ ਸਿੱਖਾਂ ਦੇ ਹੋਰ ਮਸਲੇ ਜੋ ਸਮੇਂ-ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੱਲ ਕਰਵਾਉਣ ਲਈ ਦੇਸ਼ ਅਤੇ ਪੰਜਾਬ ਦੇ ਹੁਕਮਰਾਨਾਂ ਦੇ ਸਾਹਮਣੇ ਰੱਖਦੀ ਰਹੀ, ਉਨ੍ਹਾਂ ਨੂੰ ਹੁਕਮਰਾਨਾਂ ਵਲੋਂ ਨਜ਼ਰ-ਅੰਦਾਜ਼ ਕੀਤਾ ਜਾਣ ਲੱਗਾ। ਇਥੋਂ ਤੱਕ ਕਿ ਮੌਜੂਦਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਗੁਰਦੁਆਰਾ ਐਕਟ ਵਿਚ ਸੋਧ ਕਰਕੇ ਗੁਰਬਾਣੀ ਦੇ ਕੀਰਤਨ ਦੇ ਪ੍ਰਸਾਰਨ ਅਤੇ ਹੋਰ ਮਾਮਲਿਆਂ ‘ਤੇ ਆਪਣੇ ਫੈਸਲੇ ਠੋਸਣ ਦੀ ਵੀ ਕੋਸ਼ਿਸ਼ ਕੀਤੀ।
ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਇਸ ਸਾਰੇ ਘਟਨਾਕ੍ਰਮ ਦੌਰਾਨ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਰਹੇ ਹਾਂ। ਅਸੀਂ ਇਹ ਵੀ ਸਵੀਕਾਰ ਕਰਦੇ ਹਾਂ ਕਿ ਉਸ ਸਮੇਂ ਉਪਰੋਕਤ ਮੁੱਦਿਆਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀ ਗਲਤ ਪਹੁੰਚ ਨੂੰ ਰੋਕਣ ਵਿਚ ਵੀ ਅਸੀਂ ਅਸਫਲ ਰਹੇ, ਭਾਵੇਂ ਕਿ ਪਾਰਟੀ ਅੰਦਰ ਇਨ੍ਹਾਂ ਦੁੱਖਦਾਈ ਮਸਲਿਆਂ ਨੂੰ ਅਸੀਂ ਵਾਰ-ਵਾਰ ਉਠਾਉਂਦੇ ਵੀ ਰਹੇ ਸਾਂ। ਅਸੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਹ ਵੀ ਕਹਿੰਦੇ ਰਹੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹਾਜ਼ਰ ਹੋ ਕੇ ਉਪਰੋਕਤ ਗਲਤੀਆਂ ਲਈ ਗੁਰਮਤਿ ਮਰਿਆਦਾ ਅਨੁਸਾਰ ਪਸਚਾਤਾਪ ਕੀਤਾ ਜਾਏ ਅਤੇ ਸਪੱਸ਼ਟ ਰੂਪ ਵਿਚ ਮੁਆਫੀ ਮੰਗੀ ਜਾਵੇ, ਪਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਲਈ ਸਹਿਮਤ ਨਹੀਂ ਹੋਈ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਹੋਣ ਕਾਰਨ ਸਾਨੂੰ ਹੋਈਆਂ ਇਨ੍ਹਾਂ ਗਲਤੀਆਂ ਦਾ ਗਹਿਰਾ ਅਹਿਸਾਸ ਹੈ ਅਤੇ ਸਾਡੇ ਮਨਾਂ ‘ਤੇ ਇਨ੍ਹਾਂ ਦਾ ਬੋਝ ਵੀ ਹੈ। ਇਸੇ ਕਰਕੇ ਸਿੱਖ ਪੰਥ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੁੱਚੇ ਸਿੱਖ ਪੰਥ ਤੋਂ ਮੁਆਫ਼ੀ ਮੰਗਣ ਲਈ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਅਤੇ ਇਸ ਪੱਤਰ ਰਾਹੀਂ ਲਿਖਤੀ ਰੂਪ ਵਿਚ ਹੋਈਆਂ ਗਲਤੀਆਂ ਲਈ ਖਿਮਾ ਜਾਚਨਾ ਕਰਦੇ ਹਾਂ। ਸਾਡੇ ਵਲੋਂ ਹੋਈਆਂ ਇਨ੍ਹਾਂ ਭੁੱਲਾਂ ਅਤੇ ਗਲਤੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਗੁਰਮਤਿ ਪਰੰਪਰਾ ਅਨੁਸਾਰ ਦਿੱਤੀ ਗਈ ਕੋਈ ਵੀ ਸਜ਼ਾ ਅਸੀਂ ਪੂਰੀ ਸਿਦਕਦਿਲੀ ਅਤੇ ਨਿਮਰਤਾ ਸਹਿਤ ਭੁਗਤਣ ਲਈ ਤਿਆਰ ਹਾਂ, ਤਾਂ ਜੋ ਅਸੀਂ ਆਪਣੀ ਆਤਮਾ ‘ਤੇ ਪਏ ਭਾਰ ਤੋਂ ਸੁਰਖ਼ਰੂ ਹੋ ਸਕੀਏ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਨੇੜ ਭਵਿੱਖ ਵਿਚ ਆਪਣੀ ਸਾਝੀ ਸੋਚ ਅਤੇ ਰਾਇ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਕੇ ਇਸ ਨੂੰ ਪਹਿਲਾਂ ਵਾਂਗ ਬੁਲੰਦੀਆਂ ‘ਤੇ ਪਹੁੰਚਾਉਣ ਲਈ ਪੂਰੀ ਨਿਮਰਤਾ ਨਾਲ ਆਪਣੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਭਵਿੱਖ ਵਿਚ ਪੰਥ ਦੀ ਸੇਵਾ ਵਿਚ ਜੁੱਟ ਜਾਈਏ।