ਮਾਨ ਸਰਕਾਰ ਦਾ ਇੱਕ ਹੋਰ ਮਾਅਰਕਾ; ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ

ਚੰਡੀਗੜ੍ਹ, 30 ਜੂਨ (ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਮਾਅਰਕਾ ਮਾਰਦਿਆਂ ਪਹਿਲੀ ਵਾਰ ਸੂਬੇ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਐਕਸਪੋਰਟ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਬਾਗ਼ਬਾਨੀ ਵਿਭਾਗ ਵੱਲੋਂ ਖੇਤੀਬਾੜੀ ਅਤੇ ਪ੍ਰੋਸੈਸਡ ਫ਼ੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੇਡਾ) ਦੇ ਸਹਿਯੋਗ ਨਾਲ ਸੂਬੇ ਦੇ ਨੀਮ ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਲੀਚੀ ਦੀ ਪਹਿਲੀ ਖੇਪ ਨੂੰ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਨਲਾਈਨ ਵਿਧੀ ਰਾਹੀਂ ਹਰੀ ਝੰਡੀ ਦੇ ਕੇ ਇੰਗਲੈਂਡ ਲਈ ਰਵਾਨਾ ਕੀਤਾ।

ਹੋਰ ਪੜ੍ਹੋ 👉  ਵਿਜੀਲੈਂਸ ਬਿਊਰੋ ਨੇ ਇਕ ਸਾਲ ਵਿਚ  1111 ਮੁਲਜ਼ਮ ਕੀਤੇ ਗ੍ਰਿਫ਼ਤਾਰ

ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 3250 ਹੈਕਟੇਅਰ ਰਕਬੇ ਵਿੱਚ ਲੀਚੀ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ ਕਰੀਬ 13000 ਮੀਟਰਕ ਟਨ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਲੀਚੀ ਲਈ ਅਨੁਕੂਲ ਵਾਤਾਵਰਣ ਹੋਣ ਕਾਰਨ ਇੱਥੋਂ ਦੀ ਲੀਚੀ ਦਾ ਕੁਦਰਤੀ ਗੂੜ੍ਹਾ ਲਾਲ ਰੰਗ ਅਤੇ ਮਿਠਾਸ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਹੀ ਵਧੀਆ ਹੈ।

ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਲੀਚੀ ਦੀ ਪਹਿਲੀ ਖੇਪ ਇੰਗਲੈਂਡ (ਯੂ.ਕੇ.) ਲਈ ਐਕਸਪੋਰਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਸ਼ੇਸ ਉਪਰਾਲਿਆਂ ਰਾਹੀਂ ਲੀਚੀ ਦੇ ਬਾਗ਼ਬਾਨ ਐਕਸਪੋਰਟ ਜ਼ਰੀਏ ਹੋਰ ਵੱਧ ਮੁਨਾਫ਼ਾ ਕਮਾ ਸਕਣਗੇ।

ਹੋਰ ਪੜ੍ਹੋ 👉  ਯੂਥ ਕਾਂਗਰਸ ਦੇ ਦੇਵਗਨ ਪ੍ਰਧਾਨ, ਗਗਨਦੀਪ ਸੀਨੀਅਰ ਮੀਤ ਪ੍ਰਧਾਨ ਬਣੇ

ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਗ਼ਬਾਨੀ ਵਿਭਾਗ ਅਤੇ ਅਪੇਡਾ ਦੇ ਸਹਿਯੋਗ ਨਾਲ ਬਾਗ਼ਬਾਨੀ ਦੀਆਂ ਹੋਰ ਫ਼ਸਲਾਂ ਨੂੰ ਵੀ ਵਿਦੇਸ਼ ਭੇਜਣ ਦੇ ਉਪਰਾਲੇ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਮੁਰਾਦਪੁਰ ਦੇ ਅਗਾਂਹਵਧੂ ਕਿਸਾਨ ਰਾਕੇਸ਼ ਡਡਵਾਲ ਦੀ ਲੀਚੀ ਦੀ ਉਪਜ ਅੰਮ੍ਰਿਤਸਰ ਤੋਂ ਇੰਗਲੈਂਡ ਲਈ ਭੇਜੀ ਗਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇ ਫਲਾਂ ਸਦਕਾ ਸੂਬੇ ਦਾ ਨਾਮ ਵਿਦੇਸ਼ ਦੀਆਂ ਅਹਿਮ ਮੰਡੀਆਂ ਵਿੱਚ ਸ਼ੁਮਾਰ ਹੋਵੇਗਾ ਅਤੇ ਲੀਚੀ ਦੇ ਕਾਸ਼ਤਕਾਰਾਂ ਦੀ ਪਛਾਣ ਵਿਦੇਸ਼ਾਂ ਤੱਕ ਬਣੇਗੀ।

ਹੋਰ ਪੜ੍ਹੋ 👉  ਬਜ਼ੁਰਗਾਂ ਅਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 1,583 ਕਰੋੜ ਰੁਪਏ ਜਾਰੀ

Leave a Reply

Your email address will not be published. Required fields are marked *