ਚੀਮਾ ਦਾ ਦਾਅਵਾ, ਨਰਾਜ਼ ਆਗੂਆਂ ਨੇ ਪਹਿਲਾਂ ਹੀ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਕੀਤੀਆਂ ਸਨ ਰੱਦ
ਚੰਡੀਗੜ੍ਹ, 27 ਜੂਨ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਖਾਲਸਾ ਪੰਥ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੇ ਯਤਨ ਕਰਨ ਵਾਲਿਆਂ ਨੇ ਪਹਿਲਾਂ ਹੀ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਠੁਕਰਾ ਦਿੱਤਾ ਸੀ, ਜਿਸ ਵਿਚ ਇਕ ਪਰਿਵਾਰ ਇਕ ਟਿਕਟ ਦੇਣ ਦੀ ਗੱਲ ਕੀਤੀ ਗਈ ਸੀ।
ਚੀਮਾ ਨੇ ਕਿਹਾ ਕਿ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਕਬੂਲੀ ਪਰ ਬਾਅਦ ਵਿਚ ਇਸ ਕਰਕੇ ਬਗਾਵਤ ਕਰ ਦਿੱਤੀ ਕਿ ਪਾਰਟੀ ਨੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਤੋਂ ਟਿਕਟ ਨਹੀਂ ਦਿੱਤੀ।ਚੀਮਾ ਨੇ ਕਿਹਾ ਕਿ ਇਹ ਆਗੂ ਮੀਟਿੰਗ ਵਿਚ ਕੁਝ ਹੋਰ ਕਹਿੰਦੇ ਹਨ ਤੇ ਬਾਹਰ ਜਾ ਕੇ ਉਸਦੇ ਬਿਲਕੁਲ ਉਲਟ ਬੋਲਦੇ ਹਨ।
ਡਾ. ਚੀਮਾ ਨੇ ਦੱਸਿਆ ਕਿ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਹੀ ਝੂੰਦਾ ਕਮੇਟੀ ਦੀ ਰਿਪੋਰਟ ਅਨੁਸਾਰ ਸਭ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਪਾਰਟੀ ਸੁਖਬੀਰ ਸਿੰਘ ਬਾਦਲ ਨੂੰ ਚੋਣਾਂ ਵਿਚ ਖੜ੍ਹਾ ਕਰਦੀ ਹੈ ਤਾਂ ਉਹ ਇਕ ਪਰਿਵਾਰ ਇਕ ਟਿਕਟ ਦੇ ਸਿਧਾਂਤ ਮੁਤਾਬਕ ਚੋਣਾਂ ਨਹੀਂ ਲੜਨਗੇ।
ਡਾ. ਚੀਮਾ ਨੇ ਕਿਹਾ ਕਿ ਹੋਰ ਕੋਈ ਵੀ ਪਾਰਟੀ ਇੰਨੀ ਲੋਕਤੰਤਰੀ ਆਜ਼ਾਦੀ ਨਹੀਂ ਦਿੰਦੀ ਜਿੰਨੀ ਸ਼੍ਰੋਮਣੀ ਅਕਾਲੀ ਦਲ ਦਿੰਦਾ ਹੈ। ਉਹਨਾਂ ਕਿਹਾ ਕਿ ਅਜਿਹਾ ਵੀ ਸਮਾਂ ਹੁੰਦਾ ਹੈ ਜਦੋਂ ਸਾਡੇ ਵਿਚਾਰ ਪਾਰਟੀ ਦੀ ਬਹੁ ਗਿਣਤੀ ਤੋਂ ਵੱਖਰੇ ਹੁੰਦੇ ਹਨ ਪਰ ਜਦੋਂ ਇਕ ਵਾਰ ਫੈਸਲਾ ਲੈ ਲਿਆ ਗਿਆ ਤਾਂ ਉਹ ਨਿੱਜੀ ਤੌਰ ’ਤੇ ਪਾਰਟੀ ਦੇ ਬਹੁ ਗਿਣਤੀ ਫੈਸਲੇ ਦਾ ਸਤਿਕਾਰ ਕਰਦਿਆਂ ਉਸਨੂੰ ਪ੍ਰਵਾਨ ਵੀ ਕਰਦੇ ਹਨ ਤੇ ਪ੍ਰਚਾਰਦੇ ਵੀ ਹਨ।
ਡਾ. ਚੀਮਾ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਲਈ ’ਬਾਗੀ ਧੜਾ’ ਵਰਗੇ ਸ਼ਬਦਾਂ ਦੀ ਵਰਤੋਂ ਨਾ ਕਰਨ ਕਿਉਂਕਿ ਅਕਾਲੀ ਦਲ ਇਕ ਪਾਰਟੀ ਹੈ ਤੇ ਮੀਡੀਆ ਨੇ ਆਪ ਵੇਖਿਆ ਹੈ ਕਿ ਸਾਡੇ ਕੇਡਰ, ਵਰਕਿੰਗ ਕਮੇਟੀ, ਜ਼ਿਲ੍ਹਾ ਜਥੇਦਾਰਾਂ ਤੇ ਹਲਕਾ ਪ੍ਰਧਾਨਾਂ ਵਿਚੋਂ 99 ਫੀਸਦੀ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟ ਕੀਤਾ ਹੈ ਤੇ ਪਾਰਟੀ ਪਲੇਟਫਾਰਮ ’ਤੇ ਲਏ ਫੈਸਲਿਆਂ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਹਾਂ ਜੇਕਰ ਕੁਝ ਚੋਣਵੇਂ ਆਗੂ ਜਾ ਕੇ ਆਪਣੀ ਢਾਈ ਪਾ ਖਿੱਚੜੀ ਪਕਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਬਾਗੀ ਧੜਾ ਆਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਕ ਪਾਰਟੀ ਹੈ ਕੋਈ ਧੜਾ ਨਹੀਂ ਹੈ।
ਇਸ ਮੌਕੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਜੋ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਪਾਰਟੀ ਵੱਲੋਂ ਐਲਾਨੀ ਚਾਰ ਮੈਂਬਰੀ ਕਮੇਟੀ ਦੇ ਮੈਂਬਰ ਹਨ, ਨੇ ਦੱਸਿਆ ਕਿ ਪਾਰਟੀ ਨੇ ਉਮੀਦਵਾਰ ਸੁਰਜੀਤ ਕੌਰ ਨੂੰ ਬਕਾਇਦਾ ਇਸ ਫੈਸਲੇ ਤੋਂ ਜਾਣੂ ਕਰਵਾਇਆ ਸੀ ਕਿ ਉਹ ਜ਼ਿਮਨੀ ਚੋਣ ਨਹੀਂ ਲੜੇਗੀ ਤੇ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਸਹਿਮਤੀ ਵੀ ਦਿੱਤੀ ਸੀ ਪਰ ਬਾਅਦ ਵਿਚ ਉਹ ਫੈਸਲੇ ਤੋਂ ਪਲਟ ਗਏ।
ਪਾਰਟੀ ਆਗੂਆਂ ਨੇ ਬਾਗੀਆਂ ਨੂੰ ਇਹ ਵੀ ਪੁੱਛਿਆ ਗਿਆ ਕਿ ਬੀਬੀ ਸੁਰਜੀਤ ਕੌਰ ਨੂੰ ਕਿਉਂ ਖੜ੍ਹਾ ਕੀਤਾ ਗਿਆ ਤੇ ਫਿਰ ਜਲੰਧਰ ਵਿਚ ਮਾਹੌਲ ਕਿਉਂ ਖਰਾਬ ਕੀਤਾ ਗਿਆ ਅਤੇ ਕਿਹਾ ਕਿ ਇਕ ਯੋਜਨਾ ਤਹਿਤ ਸੁਰਜੀਤ ਕੌਰ ਨੂੰ ਹਰਵਾ ਕੇ ਉਸਦਾ ਦੋਸ਼ ਵੀ ਪਾਰਟੀ ਪ੍ਰਧਾਨ ਸਿਰ ਮੜ੍ਹਨ ਦੀ ਸਾਜ਼ਿਸ਼ ਰਚੀ ਗਈ।
ਡਾ. ਚੀਮਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ 29 ਜੂਨ ਨੂੰ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ, 1 ਜੁਲਾਈ ਨੂੰ ਇਸਤਰੀ ਅਕਾਲੀ ਦਲ ਤੇ ਐਸ ਸੀ ਵਿੰਗ ਅਤੇ 2 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਬੀ ਸੀ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਨਗੇ।