ਜਲੰਧਰ, 14 ਨਵੰਬਰ (ਖ਼ਬਰ ਖਾਸ ਬਿਊਰੋ )
ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਨੇ ਅੱਜ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਾਣਬੁੱਝ ਕੇ ਅਸਲ ਰਿਕਾਰਡ ਲੁਕਾ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਦਫ਼ਤਰ (ਸੀਐਮਓ) ਦੇ ਅੰਦਰ ਜੜ੍ਹਾਂ ਜਮਾ ਚੁੱਕੇ ਭ੍ਰਿਸ਼ਟਾਚਾਰ ਨੂੰ ਖ਼ੁਦ ਕਬੂਲ ਕਰ ਲਿਆ ਹੈ।
ਸੁਪਰੀਮ ਕੋਰਟ ਵਿੱਚ ਸੀਬੀਆਈ ਵੱਲੋਂ ਦਾਇਰ ਜਵਾਬੀ ਹਲਫ਼ਨਾਮੇ—ਜਿਸ ਵਿੱਚ ਖ਼ੁਲਾਸਾ ਹੋਇਆ ਹੈ ਕਿ ਕਿਵੇਂ ਪੰਜਾਬ ਦੇ ਮੁੱਖ ਸਕੱਤਰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ (ਆਫ਼ੀਸਰ ਆਨ ਸਪੈਸ਼ਲ ਡਿਊਟੀ) ਰਾਜਬੀਰ ਸਿੰਘ ਘੁੰਮਣ ਨਾਲ ਜੁੜੀ ਜਾਂਚ ਵਿੱਚ ਅੜਿੱਕੇ ਡਾਹ ਰਹੇ ਹਨ—’ਤੇ ਪ੍ਰਤੀਕਰਮ ਦਿੰਦਿਆਂ ਪੰਜਾਬ ਭਾਜਪਾ ਨੇ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਸਾਹਮਣੇ ‘ਆਪ’ ਹਕੂਮਤ ਦੇ “ਕੱਟੜ ਇਮਾਨਦਾਰ” ਹੋਣ ਦਾ ਮੁਖੌਟਾ ਤਾਰ-ਤਾਰ ਹੋ ਗਿਆ ਹੈ।
ਵਿਜੇ ਸਾਂਪਲਾ ਨੇ ਸਵਾਲ ਕੀਤਾ, “ਜੇ ਮਾਨ ਸਰਕਾਰ ਅਤੇ ਉਸ ਦੇ ਸੀਐਮਓ ਅਧਿਕਾਰੀਆਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ, ਤਾਂ ਉਹ ਅਸਲ ਫਾਈਲਾਂ ਸੌਂਪਣ ਤੋਂ ਕਿਉਂ ਡਰ ਰਹੇ ਹਨ? ਪਹਿਲਾਂ ਪੰਜਾਬ ਪੁਲਿਸ ਨੇ ਬਦਲੀਆਂ, ਤੈਨਾਤੀਆਂ ਅਤੇ ਟੈਂਡਰਾਂ ਦਾ ਸੌਦਾ ਕਰਨ ਵਾਲੇ ਵਿਚੋਲਿਆਂ ਸਬੰਧੀ ਈਡੀ ਦੇ 7 ਪੱਤਰਾਂ ਨੂੰ ਦਬਾ ਕੇ ਰੱਖਿਆ। ਹੁਣ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੂਰੀ ਭਾਵਨਾ ਨਾਲ ਸਹਿਯੋਗ ਕਰਨ ਦੇ ਸਪੱਸ਼ਟ ਹੁਕਮਾਂ ਦੀ ਉਲੰਘਣਾ ਕਰਦਿਆਂ ਮੁੱਖ ਸਕੱਤਰ ‘ਪ੍ਰਬੰਧਕੀ ਦਿੱਕਤਾਂ’ ਦਾ ਕੋਰਾ ਬਹਾਨਾ ਬਣਾ ਕੇ ਅਧੂਰੀਆਂ ਫੋਟੋਕਾਪੀਆਂ ਮੁਹੱਈਆ ਕਰਵਾ ਰਹੇ ਹਨ ਅਤੇ ਜਾਂਚ ਨੂੰ ਪਟੜੀ ਤੋਂ ਉਤਾਰਨ ਲਈ ਗ਼ੈਰ-ਸੰਬੰਧਤ ਨੋਡਲ ਅਫ਼ਸਰ ਨਿਯੁਕਤ ਕਰ ਰਹੇ ਹਨ।”
ਭਾਜਪਾ ਨੇ ਕਿਹਾ ਕਿ ਸੀਐਮਓ ਨਾਲ ਜੁੜੇ ਵਿਚੋਲਿਆਂ ਕੋਲੋਂ ਬਰਾਮਦ ਵ੍ਹਟਸਐਪ ਚੈਟਾਂ ਤੋਂ ਲੈ ਕੇ ਬਦਲੀਆਂ ਦੀਆਂ ਡਰਾਫਟ ਸੂਚੀਆਂ ਤੱਕ, ਭ੍ਰਿਸ਼ਟਾਚਾਰ ਦਾ ਗੱਠਜੋੜ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ।
ਇਸ ਰੁਕਾਵਟ ਨੂੰ ਅਦਾਲਤੀ ਹੁਕਮਾਂ ਦੀ ਸ਼ਰੇਆਮ ਤੌਹੀਨ ਕਰਾਰ ਦਿੰਦਿਆਂ ਪੰਜਾਬ ਭਾਜਪਾ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਤੁਰੰਤ ਸਾਰੇ ਅਸਲ ਦਸਤਾਵੇਜ਼ ਸੀਬੀਆਈ ਨੂੰ ਸੌਂਪੇ ਅਤੇ ਭ੍ਰਿਸ਼ਟ ਅੰਦਰੂਨੀ ਲੋਕਾਂ ਨੂੰ ਬਚਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਬੰਦ ਕਰੇ।