ਲੁਧਿਆਣਾ ਚ ਫੁੱਟਬਾਲਰ ਦਾ ਕਤਲ, ਬਠਿੰਡਾ ਵਿੱਚ ਫਿਰੌਤੀ ਲਈ ਗੋਲੀਬਾਰੀ ਨੇ ਕਾਨੂੰਨ ਵਿਵਸਥਾ ਉਤੇ ਉਠਾਏ ਸਵਾਲ

ਚੰਡੀਗੜ੍ਹ, 14 ਨਵੰਬਰ (ਖ਼ਬਰ ਖਾਸ ਬਿਊਰੋ )

– ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਲਗਾਤਾਰ ਕਤਲ, ਸ਼ਰੇਆਮ ਫਿਰੌਤੀ ਲਈ ਗੋਲੀਬਾਰੀ ਅਤੇ ਕਰੋੜਾਂ ਦੇ ਨਾਜਾਇਜ਼ ਮਾਈਨਿੰਗ ਘੁਟਾਲੇ ਸਾਬਤ ਕਰਦੇ ਹਨ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। ਢਿੱਲੋਂ ਨੇ ਕਿਹਾ ਕਿ ਇਹ ਖ਼ੌਫ਼ਨਾਕ ਮਾਮਲੇ ਕੋਈ ਇਕੱਲੀਆਂ-ਇਕਹਿਰੀਆਂ ਘਟਨਾਵਾਂ ਨਹੀਂ, ਸਗੋਂ ਲਗਾਤਾਰ ਹੋ ਰਹੇ ਕਤਲਾਂ, ਫਿਰੌਤੀਆਂ ਅਤੇ ਸੰਗਠਿਤ ਲੁੱਟ ਦੀ ਲੜੀ ਹਨ ਜਿਸ ਨੇ ਹਰ ਹਫ਼ਤੇ ਪੰਜਾਬ ਨੂੰ ਝੰਬਿਆ ਹੋਇਆ ਹੈ। ਸੂਬਾ ਸਰਕਾਰ ਨਾ ਤਾਂ ਅਪਰਾਧੀਆਂ ਨੂੰ ਨੱਥ ਪਾ ਸਕੀ ਹੈ ਅਤੇ ਨਾ ਹੀ ਲੋਕਾਂ ਦਾ ਭਰੋਸਾ ਬਹਾਲ ਕਰ ਸਕੀ ਹੈ।

ਹੋਰ ਪੜ੍ਹੋ 👉  'ਕੱਟੜ ਇਮਾਨਦਾਰਾ' ਦਾ ਮੁਖੌਟਾ ਅਦਾਲਤ ਵਿੱਚ ਤਾਰ-ਤਾਰ ਹੋਇਆ: ਭਾਜਪਾ

ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਈਆਂ ਤਿੰਨ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਢਿੱਲੋਂ ਨੇ ਕਿਹਾ ਕਿ ‘ਆਪ’ ਰਾਜ ਵਿੱਚ ਪੰਜਾਬ ਦੀ ਨੌਜਵਾਨੀ, ਵਪਾਰੀ ਅਤੇ ਕੁਦਰਤੀ ਸਰੋਤ ਸਭ ਅਸੁਰੱਖਿਅਤ ਹਨ:

— ਲੁਧਿਆਣਾ ਵਿੱਚ ਹੋਣਹਾਰ ਫੁੱਟਬਾਲਰ ਦਾ ਕਤਲ: ਪਿੰਡ ਲਤਾਲਾ (ਲੁਧਿਆਣਾ) ਦੇ 20 ਸਾਲਾ ਫੁੱਟਬਾਲ ਖਿਡਾਰੀ ਕਰਨਵੀਰ ਸਿੰਘ ਉਰਫ਼ ਗੋਪੀ ਦੇ ਬੇਰਹਿਮ ਕਤਲ—ਜਿਸ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਨੇੜਿਓਂ ਮੂੰਹ ‘ਚ ਪਲਾਸਟਿਕ ਦਾ ਥੈਲਾ ਤੁੰਨ੍ਹੀ ਮਿਲੀ—’ਤੇ ਦੁੱਖ ਪ੍ਰਗਟ ਕਰਦਿਆਂ ਢਿੱਲੋਂ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਹਿੰਸਕ ਜੁਰਮ ਬੇਲਗਾਮ ਹੋ ਚੁੱਕੇ ਹਨ।

— ਬਠਿੰਡਾ ਵਿੱਚ ਫਿਰੌਤੀ ਲਈ ਸ਼ਰੇਆਮ ਗੋਲੀਬਾਰੀ: ਬਠਿੰਡਾ ਦੇ ਭਗਤਾ ਭਾਈ ਕਾ ਵਿੱਚ ਮੋਟਰਸਾਈਕਲ ਖੋਹ ਕੇ ਫਿਰੌਤੀ ਨਾ ਮਿਲਣ ‘ਤੇ ਡੇਅਰੀ ਉੱਤੇ ਗੋਲੀਆਂ ਚਲਾਉਣ ਦੀ ਘਟਨਾ ‘ਤੇ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਸਮਾਨਾਂਤਰ ਫਿਰੌਤੀ ਰਾਜ ਚਲਾ ਰਹੇ ਹਨ, ਜਦਕਿ ਮੁੱਖ ਮੰਤਰੀ ਸੂਬੇ ਤੋਂ ਬਾਹਰ ਸਿਆਸੀ ਦੌਰਿਆਂ ਵਿੱਚ ਮਸਤ ਹਨ।

ਹੋਰ ਪੜ੍ਹੋ 👉  ਸਤਿਕਾਰ (ਸੋਧ) ਐਕਟ 2026 ਬਾਰੇ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਸਪੱਸ਼ਟ ਕਰੇ: ਮਾਹਰ ਕਮੇਟੀ

— ਪਠਾਨਕੋਟ ਵਿੱਚ ਨਾਜਾਇਜ਼ ਮਾਈਨਿੰਗ ਤੇ ਜ਼ਮੀਨ ਘੁਟਾਲਾ: ਮਾਈਨਿੰਗ ਮਾਫ਼ੀਆ ਖ਼ਤਮ ਕਰਨ ਦੇ ਦਾਅਵਿਆਂ ਦੀ ਹਵਾ ਕੱਢਦਿਆਂ ਢਿੱਲੋਂ ਨੇ ਕਿਹਾ ਕਿ ਈਡੀ ਵੱਲੋਂ ਪਠਾਨਕੋਟ ਦੇ ਸਾਬਕਾ ਏਡੀਸੀ ਅਤੇ ਮਾਈਨਿੰਗ ਕਾਰੋਬਾਰੀ ਦੀ ਗ੍ਰਿਫ਼ਤਾਰੀ, ₹1.75 ਕਰੋੜ ਨਕਦੀ ਦੀ ਬਰਾਮਦਗੀ ਅਤੇ 31 ਬੈਂਕ ਖਾਤੇ ਸੀਜ਼ ਹੋਣ ਨੇ ਸਰਕਾਰ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ।

ਢਿੱਲੋਂ ਨੇ ਕਿਹਾ, “ਰੋਜ਼ਾਨਾ ਪੰਜਾਬ ਵਿੱਚ ਇਹੀ ਖ਼ੌਫ਼ਨਾਕ ਕਹਾਣੀ ਦੁਹਰਾਈ ਜਾ ਰਹੀ ਹੈ, ਪਰ ਭਗਵੰਤ ਮਾਨ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਪਿੰਡਾਂ ਦੀਆਂ ਸੜਕਾਂ ‘ਤੇ ਸਾਡੇ ਨੌਜਵਾਨ ਖਿਡਾਰੀਆਂ ਦਾ ਖ਼ੂਨ ਡੁੱਲ੍ਹ ਰਿਹਾ ਹੈ, ਫਿਰੌਤੀ ਨਾ ਦੇਣ ‘ਤੇ ਵਪਾਰੀਆਂ ‘ਤੇ ਗੋਲੀਆਂ ਚੱਲ ਰਹੀਆਂ ਹਨ ਅਤੇ ਸੀਨੀਅਰ ਅਧਿਕਾਰੀ ਕਰੋੜਾਂ ਦੀ ਲੁੱਟ ਲਈ ਮਾਈਨਿੰਗ ਮਾਫ਼ੀਆ ਨਾਲ ਰਲੇ ਹੋਏ ਹਨ। ਇਹ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੋ ਚੁੱਕੀ ਹੈ ਅਤੇ ਰਾਜ ਕਰਨ ਦਾ ਨੈਤਿਕ ਹੱਕ ਗੁਆ ਚੁੱਕੀ ਹੈ।”

ਹੋਰ ਪੜ੍ਹੋ 👉  'ਕੱਟੜ ਇਮਾਨਦਾਰਾ' ਦਾ ਮੁਖੌਟਾ ਅਦਾਲਤ ਵਿੱਚ ਤਾਰ-ਤਾਰ ਹੋਇਆ: ਭਾਜਪਾ

ਪੰਜਾਬ ਭਾਜਪਾ ਪ੍ਰਧਾਨ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਦੇਣ, ਕਰਨਵੀਰ ਸਿੰਘ ਦੇ ਪਰਿਵਾਰ ਨੂੰ ਫਾਸਟ-ਟਰੈਕ ਇਨਸਾਫ਼ ਯਕੀਨੀ ਬਣਾਉਣ, ਫਿਰੌਤੀ ਗਿਰੋਹਾਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਉਣ ਅਤੇ ਪਠਾਨਕੋਟ ਮਾਈਨਿੰਗ ਮਾਫ਼ੀਆ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਦੀ ਨਿਰਪੱਖ ਜਾਂਚ ਕਰਵਾਉਣ।

Leave a Reply

Your email address will not be published. Required fields are marked *