ਅਮਲੋਹ, 15 ਅਕਤੂਬਰ (ਖ਼ਬਰ ਖਾਸ ਬਿਊਰੋ)
ਹਲਕਾ ਅਮਲੋਹ ਦੇ ਵਿਧਾਇਕ ਸ. ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ 5 ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਆਉਂਦੇ ਘਰਾਂ ਦੇ ਮਾਲਕਾਂ ਨੂੰ ‘ਪ੍ਰਾਪਰਟੀ ਕਾਰਡ’ ਵੰਡੇ ਗਏ। ਇਸ ਵਿਸ਼ੇਸ਼ ਸਮਾਗਮ ਦੌਰਾਨ ਪਿੰਡ ਮਹਿਮੂਦਪੁਰ, ਲਾਡਪੁਰ, ਸ਼ਮਸ਼ਪੁਰ, ਮੀਆਂਪੁਰ ਅਤੇ ਭਗਵਾਨਪੁਰਾ ਦੇ ਵਾਸੀਆਂ ਨੂੰ ਦਹਾਕਿਆਂ ਬਾਅਦ ਉਨ੍ਹਾਂ ਦੇ ਘਰਾਂ ਦੇ ਪੱਕੇ ਅਤੇ ਕਾਨੂੰਨੀ ਮਾਲਕੀ ਹੱਕ ਸੌਂਪੇ ਗਏ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਧਾਇਕ ਗੈਰੀ ਬੜਿੰਗ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਰਵਾਇਤੀ ਸਰਕਾਰਾਂ ਦੀ ਅਣਦੇਖੀ ਕਾਰਨ ਲਾਲ ਲਕੀਰ ਅੰਦਰ ਰਹਿਣ ਵਾਲੇ ਲੋਕ ਦਹਾਕਿਆਂ ਤੋਂ ਆਪਣੇ ਹੀ ਘਰਾਂ ਦੇ ਮਾਲਕੀ ਹੱਕਾਂ ਤੋਂ ਵਾਂਝੇ ਚੱਲੇ ਆ ਰਹੇ ਸਨ। ਪਰ ਮਾਨ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਆਪਣਾ ਵਾਅਦਾ ਪੂਰਾ ਕਰਦਿਆਂ ਆਮ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦਾ ਅਸਲ ਹੱਕ ਦਿੱਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਹ ‘ਪ੍ਰਾਪਰਟੀ ਕਾਰਡ’ ਮਿਲਣ ਨਾਲ ਪਿੰਡ ਵਾਸੀ ਹੁਣ ਆਪਣੀ ਜਾਇਦਾਦ ਦੇ ਅਧਿਕਾਰਤ ਮਾਲਕ ਬਣ ਗਏ ਹਨ, ਜਿਸ ਨਾਲ ਓਹਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਸਕੇਗਾ। ਵਿਧਾਇਕ ਬੜਿੰਗ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਪਿੰਡਾਂ ਦੇ ਨਕਸ਼ੇ ਬਦਲਣ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਹਲਕਾ ਅਮਲੋਹ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੀ ਸਾਡਾ ਮੁੱਖ ਮਨੋਰਥ ਹੈ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀ, ਇਲਾਕੇ ਦੇ ਮੋਹਤਬਰ, ‘ਆਮ ਆਦਮੀ ਪਾਰਟੀ’ ਦੇ ਸੀਨੀਅਰ ਆਗੂ ਅਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ। ਸਥਾਨਕ ਲੋਕਾਂ ਨੇ ਮਾਲਕੀ ਹੱਕ ਮਿਲਣ ‘ਤੇ ਮਾਨ ਸਰਕਾਰ ਅਤੇ ਵਿਧਾਇਕ ਗੈਰੀ ਬੜਿੰਗ ਦਾ ਤਹਿ ਦਿਲੋਂ ਧੰਨਵਾਦ ਕੀਤਾ।