ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਬਜ਼ੁਰਗਾਂ ਦੀ ਸਿਹਤ, ਸਨਮਾਨ ਤੇ ਤੰਦਰੁਸਤੀ ਨੂੰ ਸਮਰਪਿਤ ਸਮਾਗਮ ਕਰਵਾਇਆ

ਸ੍ਰੀ ਚਮਕੌਰ ਸਾਹਿਬ, 1 ਅਕਤੂਬਰ (ਖ਼ਬਰ ਖਾਸ  ਬਿਊਰੋ): ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਸਾਡੇ ਬਜ਼ੁਰਗ, ਸਾਡਾ ਮਾਣ’ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਮਾਤਾ ਸਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜ਼ਨ ਹੋਮ, ਸ੍ਰੀ ਚਮਕੌਰ ਸਾਹਿਬ ਵਿਖੇ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਬਜ਼ੁਰਗਾਂ ਦੀ ਸਿਹਤ, ਸਨਮਾਨ ਅਤੇ ਤੰਦਰੁਸਤੀ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਹਾਜ਼ਰੀਨ ਨੂੰ ਸਹੁੰ ਵੀ ਚੁਕਵਾਈ ਗਈ।
ਇਸ ਸਮਾਗਮ ਦੌਰਾਨ ਸਿਵਲ ਸਰਜਨ ਰੂਪਨਗਰ ਵੱਲੋਂ ਡਾਕਟਰਾਂ ਦੀ ਵਿਸ਼ੇਸ਼ ਟੀਮ ਰਾਹੀਂ ਸੀਨੀਅਰ ਸਿਟੀਜ਼ਨਾਂ ਦਾ ਮੁਫ਼ਤ ਆਮ ਸਿਹਤ ਮੁਆਇਨਾ, ਅੱਖਾਂ ਦੀ ਜਾਂਚ ਅਤੇ ਦੰਦਾਂ ਦੀ ਜਾਂਚ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਬਜ਼ੁਰਗਾਂ ਦੀ ਸਿਹਤ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਸਿਹਤ ਸੰਭਾਲ ਸਬੰਧੀ ਲੋੜੀਂਦੀ ਸਲਾਹ ਵੀ ਦਿੱਤੀ ਗਈ।
ਇਸ ਦੌਰਾਨ ਯੋਗਾ ਸਿਖਲਾਈਕਾਰ ਸ੍ਰੀ ਅਸ਼ੋਕ ਕੁਮਾਰ ਵੱਲੋਂ ਬਜ਼ੁਰਗਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਰਹਿਣ ਲਈ ਵੱਖ-ਵੱਖ ਯੋਗ ਆਸਣ ਕਰਵਾਏ ਗਏ। ਉਨ੍ਹਾਂ ਵੱਲੋਂ ਯੋਗ ਆਸਣਾਂ ਦੀ ਸਹੀ ਵਿਧੀ ਅਤੇ ਉਨ੍ਹਾਂ ਦੇ ਸਿਹਤ ਲਈ ਲਾਭਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਇੰਡੀਅਨ ਬੈਂਕ, ਸ੍ਰੀ ਚਮਕੌਰ ਸਾਹਿਬ ਦੀ ਸ਼ਾਖਾ ਪ੍ਰਬੰਧਕ ਮੈਡਮ ਮੰਨੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਬਜ਼ੁਰਗਾਂ ਨੂੰ ਬੈਂਕ ਵੱਲੋਂ ਉਪਲਬਧ ਕਰਵਾਈਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਜਸਵੀਰ ਕੌਰ ਨੇ ਵੀ ਬਜ਼ੁਰਗਾਂ ਨੂੰ ਇਸ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ, ਸਨਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ‘ਸਾਡੇ ਬਜ਼ੁਰਗ, ਸਾਡਾ ਮਾਣ’ ਸਕੀਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਤਹਿਤ ਬਜ਼ੁਰਗਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਭਲਾਈ ਅਤੇ ਸਨਮਾਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਵਿਭਾਗ ਦੀਆਂ ਹੋਰ ਭਲਾਈ ਸਕੀਮਾਂ ਅਤੇ ਬਜ਼ੁਰਗਾਂ ਨਾਲ ਸਬੰਧਤ ਲਗਾਏ ਜਾਣ ਵਾਲੇ ਜਾਗਰੂਕਤਾ ਤੇ ਸਹਾਇਤਾ ਕੈਂਪਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ‘ਇੱਕ ਪੌਦਾ ਮਾਂ ਦੇ ਨਾਮ’ ਸਕੀਮ ਤਹਿਤ 150 ਪੌਦੇ ਵੀ ਵੰਡੇ ਗਏ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਕੁਲਵਿੰਦਰ ਸਿੰਘ, ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਸਨ। ਉਨ੍ਹਾਂ ਵੱਲੋਂ ਵੀ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਬਜ਼ੁਰਗਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਪ੍ਰੋ. ਆਰ.ਸੀ. ਢੰਡ, ਚੇਅਰਮੈਨ ਮਾਤਾ ਸਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜ਼ਨ ਹੋਮ ਵੱਲੋਂ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਸ੍ਰੀ ਲਖਮਣ ਸਿੰਘ, ਸ੍ਰੀ ਜਗਦੀਸ਼ ਕੁਮਾਰ ਅਤੇ ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਹੋਰ ਪੜ੍ਹੋ 👉  ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਦਿਨ ਵੀ ਜਾਰੀ ਰਹੇ ਜ਼ਿਲ੍ਹਾ ਪੱਧਰੀ ਮੁਕਾਬਲੇ

Leave a Reply

Your email address will not be published. Required fields are marked *