ਚੰਡੀਗੜ੍ਹ, 16 ਸਤੰਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਿਜਲੀ ਕੱਟਾਂ ਦੇ ਵਿਰੋਧ ਵਿਚ ਸੂਬੇ ਭਰ ਵਿਚ ਵਿਆਪਕ ਰੋਸ ਮੁਜ਼ਾਹਰੇ ਕੀਤੇ ਜਿਸ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਕੱਟਾਂ ਕਾਰਨ ਨਾ ਸਿਰਫ ਝੋਨੇ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਬਲਕਿ ਘਰੇਲੂ ਖਪਤਕਾਰਾਂ ਨੂੰ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ ਤੇ ਉਦਯੋਗ ਵੀ ਸੰਕਟ ਵਿਚ ਹਨ।
ਸੂਬੇ ਭਰ ਵਿਚ ਡਿਪਟੀ ਕਮਿਸ਼ਨਰ, ਐਸ ਡੀ ਐਮ ਦਫਤਰਾਂ ਤੋਂ ਇਲਾਵਾ ਪਾਵਰਕਾਮ ਦੇ ਚੀਫ ਇੰਜੀਨੀਅਰ ਦਫਤਰ ਤੇ ਗ੍ਰਿਡਾਂ ਦੇ ਸਾਹਮਣੇ ਵਿਸ਼ਾਲ ਰੋਸ ਧਰਨੇ ਦਿੱਤੇ ਗਏ ਜਿਸ ਦੌਰਾਨ ਅਕਾਲੀ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ।
ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਵਿਚ ਵਿਸ਼ਾਲ ਰੋਸ ਧਰਨੇ ਦੀ ਅਗਵਾਈ ਕੀਤੀ ਜਿਸ ਦੌਰਾਨ ਉਹਨਾਂ ਮੁੱਖ ਮੰਤਰੀ ਨੂੰ ਮੌਜੂਦਾ ਬਿਜਲੀ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ। ਉਹਨਾਂਕਿਹਾ ਕਿ ਮੁੱਖ ਮੰਤਰੀ ਪ੍ਰਾਪੇਗੰਡਾ ਕੰਮਾਂ ਵਿਚ ਰੁੱਝੇ ਹਨ ਤੇ ਪੰਜਾਬੀਆਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਮੌਜੂਦਾ ਬਿਜਲੀ ਕੱਟ ਜੋ ਰੋਜ਼ਾਨਾ 12-12 ਘੰਟੇ ਤੱਕ ਲੱਗ ਰਹੇ ਹਨ, ਕਾਰਨ ਪੰਜਾਬ ਦੀ ਖੁਸ਼ਹਾਲੀ ਪ੍ਰਭਾਵਤ ਹੋ ਰਹੀ ਹੈ।
ਅਕਾਲੀ ਵਰਕਰਾਂ ਨੇ ਜਲੰਧਰ ਵਿਚ ਸ਼ਕਤੀ ਸਦਨ ਦੇ ਬਾਹਰ ਚੀਫ ਇੰਜੀਨੀਅਰ ਦਫਤਰ ਦੇ ਬਾਹਰ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ।ਇਹ ਰੋਸ ਮੁਜ਼ਾਹਰਾ ਜਿਸਦੀ ਅਗਵਾਈ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਕਰ ਰਹੇ ਸਨ, ਦੌਰਾਨ ਪਾਰਟੀ ਵਰਕਰਾਂ ਨੇ ਭਗਵੰਤ ਮਾਨ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੁਤਲੇ ਵੀ ਸਾੜੇ।ਢੀਂਡਸਾ ਨੇ ਕਿਹਾ ਕਿ ਮੌਜੂਦਾ ਸੰਕਟ ਆਪ ਸਰਕਾਰ ਦੇ ਕੁਪ੍ਰਬੰਧਨ ਦੇ ਮਾੜੀ ਯੋਜਨਾਬੰਦੀ ਦਾ ਨਤੀਜਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਮ ਲੋਕ ਬਹੁਤ ਪ੍ਰੇਸ਼ਾਨ ਹਨ ਪਰ ਆਪ ਸਰਕਾਰ ਮਸਲੇ ਦੇ ਹੱਲ ਵਾਸਤੇ ਕੱਖ ਵੀ ਨਹੀਂ ਕਰ ਰਹੀ।
ਮੁਹਾਲੀ ਵਿਚ ਅਕਾਲੀ ਵਰਕਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਜਿਸ ਦੌਰਾਨ ਮੁੱਖ ਮੰਤਰੀ ਦਾ ਪੁਤਲਾ ਸਾੜਿਆ। ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਤੇ ਸੀਨੀਅਰ ਆਗੂ ਐਨ ਕੇ ਸ਼ਰਮਾ ਨੇ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਪਾਰਟੀ ਨੇ ਪੰਜ ਨੁਕਾਤੀ ਮੰਗ ਵੀ ਰੱਖੀ ਜਿਸ ਦੌਰਾਨ ਪਿੰਡਾਂ ਤੇ ਉਦਯੋਗਿਕ ਖੇਤਰਾਂ ਵਿਚ ਲੱਗ ਰਹੇ ਬਿਜਲੀ ਕੱਟ ਖ਼ਤਮ ਕਰਨ ਦੀ ਮੰਗ ਕੀਤੀ, ਹਰ ਇਲਾਕੇ ਲਈ ਬਿਜਲੀ ਕੱਟਾਂ ਦੇ ਪ੍ਰੋਗਰਾਮ ਦੇ ਪਹਿਲਾਂ ਐਲਾਨ ਕਰਨ, ਉਦਯੋਗਿਕ ਫੀਡਰਾਂ ਵਾਸਤੇ ਨਿਰਵਿਘਨ ਸਪਲਾਈ ਦੇਣ, ਖਰਾਬ ਟਰਾਂਸਫਾਰਮਰ ਬਦਲਣ ਅਤੇ ਖਪਤਕਾਰਾਂ ਤੇ ਉਦਯੋਗਪਤੀਆਂ ਨੂੰ ਰਾਹਤ ਦੇਣ ਦੀ ਮੰਗ ਕੀਤੀ।
ਰੋਪੜ ਵਿਚ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ 132 ਕੇ ਵੀ ਗ੍ਰਿਡ ਸਾਹਮਣੇ ਵਿਸ਼ਾਲ ਧਰਨੇ ਦੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਬਿਜਲੀ ਸੰਕਟ ਨਾਲ ਕਿਸਾਨਾਂ, ਆਮ ਖਪਤਕਾਰਾਂ ਤੇ ਉਦਯੋਗਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਸਿੰਜਾਈ ਸਪਲਾਈ, ਆਮ ਜਨਜੀਵਨ ਤੇ ਉਦਯੋਗਿਕ ਉਤਪਾਦਨ ਵਿਚ ਵਿਘਨ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਉਦਯੋਗਾਂ ਵਾਸਤੇ 14 ਘੰਟੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ। ਡਾ. ਚੀਮਾ ਨੇ ਕਿਹਾ ਕਿ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਉਸਨੂੰ ਨਿਰਵਿਘਨ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਜਾਂ ਤਾਂ ਬਿਜਲੀ ਸਪਲਾਈ ਵਿਚ ਸੁਧਾਰ ਕਰੇ ਨਹੀਂ ਤਾਂ ਲੋਕਾਂ ਵਿਚ ਰੋਸ ਹੋਰ ਵੱਧ ਜਾਵੇਗਾ।
ਇਸ ਦੌਰਾਨ ਕੋਟਕਪੁਰਾ ਤੋਂ ਰਿਪੋਰਟ ਵਿਚ ਦੱਸਿਆ ਗਿਆ ਕਿ ਮਨਤਾਰ ਸਿੰਘ ਬਰਾੜ ਤੇ ਸ਼ੇਰ ਸਿੰਘ ਮੰਡ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਐਸ ਡੀ ਐਮ ਦਫਤਰਾਂ ਮੂਹਰੇ ਵਿਸ਼ਾਲ ਧਰਨਾ ਦਿੱਤਾ। ਇਹਨਾਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਝੋਨੇ ਵਾਸਤੇ ਤੁਰੰਤ ਨਿਰਵਿਘਨ ਬਿਜਲੀ ਸਪਲਾਈ ਬਹਾਲ ਨਾ ਕੀਤੀ ਤਾਂ ਰੋਸ ਵਿਖਾਵੇ ਹੋਰ ਤੇਜ਼ ਕੀਤੇ ਜਾਣਗੇ।
ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਕਪੂਰਥਲਾ ਸਮੇਤ ਹੋਰ ਜ਼ਿਲ੍ਹਿਆਂ ਵਿਚ ਵੀ ਬਿਜਲੀ ਦਫਤਰਾਂ ਸਾਹਮਣੇ ਵਿਸ਼ਾਲ ਧਰਨੇ ਦਿੱਤੇ ਗਏ।