ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ’ਤੇ ਕਬਜ਼ੇ ਦੀ ਕੋਸ਼ਿਸ਼ ਦੀ ਨਿਖੇਧੀ

ਚੰਡੀਗੜ੍ਹ 5  ਸਤੰਬਰ (ਖ਼ਬਰ ਖਾਸ ਬਿਊਰੋ)

 ਪਿੰਡ ਤਲਵੰਡੀ ਸਲੇਮ ਵਿੱਚ ਅਵਤਾਰ ਪਾਸ਼ ਅਤੇ ਹੰਸ ਰਾਜ ਦੀ ਸ਼ਹੀਦੀ ਯਾਦ ਵਿੱਚ ਬਣੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ’ਤੇ ਕਬਜ਼ੇ ਦੀ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਲੇਖਕਾਂ, ਸਾਹਿਤਕਾਰਾਂ, ਕਲਾਕਾਰਾਂ, ਬੁੱਧੀਜੀਵੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਜਮਹੂਰੀ ਚੇਤਨਾ ਵਾਲੇ ਲੋਕਾਂ ਨੂੰ 9 ਸਤੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੇਵਿੰਦਰ ਦੀਪ ਸਿੰਘ ਨੇ ਇੱਥੋਂ ਜਾਰੀ ਬਿਆਨ ਵਿੱਚ ਕਿਹਾ ਕਿ ਪਿੰਡ ਦੇ ਸਰਪੰਚ ਅਤੇ ਉਸ ਦੇ ਹਮਾਇਤੀਆਂ ਵੱਲੋਂ ਕੰਪਲੈਕਸ ਵਿੱਚ ਓਪਨ ਜਿਮ ਲਗਾਉਣ, ਯਾਦਗਾਰ ਦੇ ਤਾਲੇ ਤੋੜਨ ਅਤੇ ਇੱਕ ਗੇਟ ਦਾ ਪੱਲਾ ਲਾਹ ਕੇ ਲਿਜਾਣ ਦੇ ਦੋਸ਼ ਲੱਗੇ ਹਨ। ਕਿਸਾਨਾਂ, ਮਜ਼ਦੂਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਇਸ ਖ਼ਿਲਾਫ਼ ਸੰਘਰਸ਼ ਜਾਰੀ ਹੈ, ਪਰ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਹੋਰ ਪੜ੍ਹੋ 👉  ਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ 'ਚ ਭਾਰੀ ਰੋਸ ਪ੍ਰਦਰਸ਼ਨ

ਉਨ੍ਹਾਂ ਕਿਹਾ ਕਿ ਇਹ ਕੰਪਲੈਕਸ ਪੰਜਾਬ ਦੀ ਇਨਕਲਾਬੀ ਵਿਰਾਸਤ ਅਤੇ ਸਾਂਝੀ ਯਾਦ ਨਾਲ ਜੁੜੀ ਮਹੱਤਵਪੂਰਨ ਯਾਦਗਾਰ ਹੈ। ਤਾਲੇ ਤੋੜਨਾ, ਗੇਟ ਲਾਹੁਣਾ ਅਤੇ ਮਨਮਰਜ਼ੀ ਨਾਲ਼ ਉੱਥੇ ਕੁੱਝ ਸਥਾਪਤ ਕਰਨਾ ਗੰਭੀਰ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਯਾਦਗਾਰ ਦੀ ਮੂਲ ਸਥਿਤੀ ਬਹਾਲ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਪਾਸ਼ ਸਿਰਫ਼ ਕਵੀ ਨਹੀਂ, ਸਗੋਂ ਪੰਜਾਬ ਦੀ ਇਨਕਲਾਬੀ ਅਤੇ ਜਮਹੂਰੀ ਚੇਤਨਾ ਦਾ ਪ੍ਰਤੀਕ ਹੈ। ਉਸ ਦੀ ਸ਼ਹਾਦਤ ਨਾਲ ਜੁੜੀ ਯਾਦਗਾਰ ਦੀ ਰਾਖੀ ਕਰਨਾ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ।

ਹੋਰ ਪੜ੍ਹੋ 👉  ਹਰਸਿਮਰਤ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਨੇ ਕੀਤਾ ਪ੍ਰਦਰਸ਼ਨ, ਮੁੱਖ ਮੰਤਰੀ ਦਾ ਮੰਗਿਆ ਅਸਤੀਫ਼ਾ

ਕੇਂਦਰੀ ਸਭਾ ਵੱਲੋਂ ਦੱਸਿਆ ਗਿਆ ਕਿ ਪਾਸ਼ ਦੇ ਜਨਮ ਦਿਹਾੜੇ ਮੌਕੇ 9 ਸਤੰਬਰ ਨੂੰ ਸਵੇਰੇ 11 ਵਜੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਸਮਾਗਮ ਹੋਵੇਗਾ। ਇਸ ਵਿੱਚ ਨਾਮਵਰ ਵਿਦਵਾਨ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸੰਬੋਧਨ ਕਰਨਗੇ। ਡਾ. ਸਵਰਾਜਬੀਰ ਦਾ ਨਵਾਂ ਨਾਟਕ ‘ਅਸੀਂ ਲੜਾਂਗੇ ਸਾਥੀ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਜਾਵੇਗਾ। ਪਿੰਡ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਵੀ ਸਮਾਗਮ ਨੂੰ ਡਟਵਾਂ ਸਾਥ ਦੇਣ ਦਾ ਐਲਾਨ ਕੀਤਾ ਹੈ।

ਕੇਂਦਰੀ ਸਭਾ ਨੇ ਸਾਹਿਤਕ, ਸਭਿਆਚਾਰਕ, ਤਰਕਸ਼ੀਲ, ਜਮਹੂਰੀ ਅਤੇ ਜਨਤਕ ਸੰਸਥਾਵਾਂ ਨੂੰ ਸਹਿਯੋਗ ਦੇਣ ਅਤੇ ਆਪਣੇ ਪਰਿਵਾਰਾਂ ਸਮੇਤ 9 ਸਤੰਬਰ ਨੂੰ ਤਲਵੰਡੀ ਸਲੇਮ ਪਹੁੰਚਣ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ 👉  ਅੰਕੁਰ ਅਤੇ ਮਨਰਾਜ ਨੇ ਆਪਣੇ ਪਿਤਾ ਸੁਰਜੀਤ ਪਾਤਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ

Leave a Reply

Your email address will not be published. Required fields are marked *