ਰੂਪਨਗਰ, 01 ਸਤੰਬਰ (ਖ਼ਬਰ ਖਾਸ ਬਿਊਰੋ)
ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਰੂਪਨਗਰ ਕੈਪਟਨ ਮਨਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ‘ਰੈੱਡ ਰਨ ਮੈਰਾਥਨ’ ਕਰਵਾਈ ਗਈ। ਇਸ ਮੈਰਾਥਨ ਵਿੱਚ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਰੈੱਡ ਰਿਬਨ ਕਲੱਬਾਂ ਨਾਲ ਸਬੰਧਤ 55 ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਸਹਾਇਕ ਡਾਇਰੈਕਟਰ ਮਨਤੇਜ ਸਿੰਘ ਚੀਮਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਅਤੇ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਇਸ ਮੈਰਾਥਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰੱਖਣਾ, ਐਚ.ਆਈ.ਵੀ. ਤੋਂ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨਾ, ਵਲੰਟੀਅਰਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨਾ ਅਤੇ ‘ਟੀ.ਬੀ. ਮੁਕਤ ਭਾਰਤ’ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣਾ ਹੈ।
ਰੈੱਡ ਰਿਬਨ ਕਲੱਬਾਂ ਦੇ ਵਲੰਟੀਅਰਾਂ ਨੂੰ ਨਹਿਰੂ ਸਟੇਡੀਅਮ,ਮ ਰੂਪਨਗਰ ਤੋਂ ਕਟਲੀ ਤੱਕ ਹੋਣ ਵਾਲੀ ਮੈਰਾਥਨ ਲਈ ਸਹਾਇਕ ਡਾਇਰੈਕਟਰ ਮਨਤੇਜ ਸਿੰਘ ਚੀਮਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਮੈਰਾਥਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਪ੍ਰੋ. ਅਨੂ ਸ਼ਰਮਾ, ਪ੍ਰੋ. ਨਤਾਸਾ ਕਾਲੜਾ, ਪ੍ਰੋ. ਬਿਕਰਮ ਰਾਣੀ, ਪ੍ਰੋ. ਦਿਵਿਆ ਸ਼ਰਮਾ, ਪ੍ਰੋ. ਨਿੱਧੀ ਸ਼ਰਮਾ, ਪ੍ਰੋ. ਜੋਤੀ ਪ੍ਰਕਾਸ਼, ਪ੍ਰੋ. ਬਬਨਜੋਤ ਸਿੰਘ, ਸਮਾਜ ਸੇਵੀ ਅਮਰਜੀਤ ਸਿੰਘ ਪੰਜੋਲੀ ਅਤੇ ਸਟੈਨੋ ਜਗਜੀਤ ਸਿੰਘ ਰੰਧਾਵਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।
ਰੈੱਡ ਰਨ ਮੈਰਾਥਨ ਦੇ ਲੜਕਿਆਂ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਐਸ.ਜੀ.ਟੀ.ਬੀ. ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਹਰਪ੍ਰੀਤ ਸਿੰਘ ਅਤੇ ਬੀਬੀ ਸ਼ਰਨ ਕੌਰ ਖਾਲਸਾ ਗਰਲਜ਼ ਕਾਲਜ, ਸ੍ਰੀ ਚਮਕੌਰ ਸਾਹਿਬ ਦੀ ਅਮਨੀਤ ਕੌਰ ਨੇ ਕ੍ਰਮਵਾਰ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਸਰਕਾਰੀ ਕਾਲਜ, ਰੂਪਨਗਰ ਦੇ ਅਮਿਤ ਕੁਮਾਰ ਯਾਦਵ ਅਤੇ ਅੰਕਿਤਾ ਨੇ ਦੂਜਾ ਸਥਾਨ, ਜਦਕਿ ਐਸ.ਜੀ.ਟੀ.ਬੀ. ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦੇ ਸੁਮੀਤ ਅਤੇ ਸਰਕਾਰੀ ਕਾਲਜ, ਰੂਪਨਗਰ ਦੀ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਜੇਤੂ ਵਲੰਟੀਅਰਾਂ ਨੂੰ ਵਧਾਈ ਦਿੰਦਿਆਂ ਮੈਡਲ, ਸਰਟੀਫਿਕੇਟ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਮਨਤੇਜ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੈਰਾਥਨ ਵਿੱਚ ਜੇਤੂ ਰਹੇ ਵਲੰਟੀਅਰ ਅਗਲੇ ਪੜਾਅ ਵਿੱਚ ਹੋਣ ਵਾਲੀ ਰਾਜ ਪੱਧਰੀ ਮੈਰਾਥਨ ਵਿੱਚ ਭਾਗ ਲੈਣਗੇ।