ਮਰਨ ਉਪਰੰਤ ਵੀ ਸੱਜਣ ਦਾ ਨਹੀਂ ਛੁਟਿਆ ਖਹਿੜਾ, ਹੁੱਡਾ ਆਏ ਸਿੱਖਾਂ ਦੇ ਨਿਸ਼ਾਨੇ ਉਤੇ

ਚੰਡੀਗੜ੍ਹ 21 ਅਗਸਤ (ਖ਼ਬਰ ਖਾਸ ਬਿਊਰੋ)

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਬੇਟੇ ਅਤੇ ਕਾਂਗਰਸ ਤੋਂ ਸਾਂਸਦ ਦੀਪੇਂਦਰ ਹੁੱਡਾ ਦੇ ਉਸ ਹਾਲੀਆ ਬਿਆਨ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ, ਜਿਸ ਵਿੱਚ ਉਨ੍ਹਾਂ  ਨੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਅਤੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਦੱਸਿਆ ਅਤੇ ਉਨ੍ਹਾਂ ਨੂੰ ਇੱਕ ਵਧੀਆ ਇਨਸਾਨ ਕਰਾਰ ਦਿੱਤਾ। ਧਾਲੀਵਾਲ ਨੇ ਕਿਹਾ ਕਿ ਦੀਪੇਂਦਰ ਹੁੱਡਾ ਦੇ ਇਸ ਘਿਨਾਉਣੇ ਅਤੇ ਸੰਵੇਦਨਹੀਣ ਬਿਆਨ ਨਾਲ ਪੂਰਾ ਸਿੱਖ ਭਾਈਚਾਰਾ ਬੇਹੱਦ ਦੁਖੀ ਅਤੇ ਆਹਤ ਹੋਇਆ ਹੈ।

ਹੋਰ ਪੜ੍ਹੋ 👉  ਬਾਹਰਲੇ ਸੂਬਿਆਂ ਤੋਂ ਝੋਨਾ ਲਿਆਉਣ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ

ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ, ਸੀਨੀਅਰ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਤੋਂ ਮੰਗ ਕੀਤੀ ਹੈ ਕਿ ਸਿੱਖਾਂ ਦੇ ਕਾਤਲਾਂ ਦੀ ਪੈਰਵੀ ਕਰਨ ਵਾਲੇ ਦੀਪੇਂਦਰ ਹੁੱਡਾ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਪਾਰਟੀ ‘ਚੋਂ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 1984 ਦੇ ਪੀੜਤਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਾਲੇ ਅਜਿਹੇ ਨੇਤਾਵਾਂ ਲਈ ਕਿਸੇ ਵੀ ਸਿਆਸੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਇਸ ਦੇ ਨਾਲ ਹੀ ਧਾਲੀਵਾਲ ਨੇ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਚੁੱਪੀ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਆਪਣੀ ਨੈਤਿਕਤਾ ਦਾ ਸਬੂਤ ਦਿੰਦਿਆਂ ਦੀਪੇਂਦਰ ਹੁੱਡਾ ਦੇ ਇਸ ਬਿਆਨ ਖ਼ਿਲਾਫ਼ ਸੜਕਾਂ ‘ਤੇ ਉੱਤਰਨਾ ਚਾਹੀਦਾ ਹੈ ਅਤੇ ਕੇਂਦਰੀ ਲੀਡਰਸ਼ਿਪ ਤੋਂ ਹੁੱਡਾ ਦੀ ਬਰਖ਼ਾਸਤਗੀ ਦੀ ਮੰਗ ਕਰਨੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਕਾਂਗਰਸ ਦੇ ਨੇਤਾ ਇਸ ਮੁੱਦੇ ‘ਤੇ ਖ਼ਾਮੋਸ਼ ਰਹਿੰਦੇ ਹਨ ਜਾਂ ਹੁੱਡਾ ਦਾ ਵਿਰੋਧ ਨਹੀਂ ਕਰਦੇ, ਤਾਂ ਇਹ ਮੰਨ ਲਿਆ ਜਾਵੇਗਾ ਕਿ ਉਹ ਵੀ ਦੀਪੇਂਦਰ ਹੁੱਡਾ ਦੀ ਇਸ ਸਿੱਖ ਵਿਰੋਧੀ ਮਾਨਸਿਕਤਾ ਦਾ ਸਮਰਥਨ ਕਰ ਰਹੇ ਹਨ।

ਹੋਰ ਪੜ੍ਹੋ 👉  ਫੂਡ ਸੇਫਟੀ ਟੀਮ ਵੱਲੋਂ ਵੱਖ-ਵੱਖ ਖਾਣ-ਪੀਣ ਵਾਲੀਆਂ ਦੁਕਾਨਾਂ ਅਤੇ ਫੂਡ ਬਿਜ਼ਨਸ ਆਪਰੇਟਰਾਂ ਦੀ ਜਾਂਚ

ਧਾਲੀਵਾਲ ਨੇ ਅੱਗੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਦੀਆਂ ਤਸਵੀਰਾਂ ਸਿੱਖਾਂ ਦੇ ਕਤਲੇਆਮ ਦੇ ਇੱਕ ਹੋਰ ਦੋਸ਼ੀ ਜਗਦੀਸ਼ ਟਾਈਟਲਰ ਨਾਲ ਵਾਇਰਲ ਹੁੰਦੀਆਂ ਰਹੀਆਂ ਹਨ। ਇਹ ਸਾਫ਼ ਦਰਸਾਉਂਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਸਿੱਖਾਂ ਦੇ ਕਾਤਲਾਂ ਦੀ ਹਮੇਸ਼ਾ ਪੁਸ਼ਤਪਨਾਹੀ ਅਤੇ ਸਨਮਾਨ ਹੁੰਦਾ ਆਇਆ ਹੈ। ਉਨ੍ਹਾਂ ਦੁਹਰਾਇਆ ਕਿ ਸੱਜਣ ਕੁਮਾਰ ਵਰਗੇ ਵਿਅਕਤੀ ਨੂੰ ਆਪਣਾ ਆਦਰਸ਼ ਦੱਸਣ ਵਾਲੇ ਦੀਪੇਂਦਰ ਹੁੱਡਾ ਨੂੰ ਪਾਰਟੀ ‘ਚੋਂ ਤੁਰੰਤ ਬਰਖ਼ਾਸਤ ਕਰਨਾ ਹੀ ਇੱਕੋ-ਇੱਕ ਯੋਗ ਕਦਮ ਹੋਵੇਗਾ।

ਹੋਰ ਪੜ੍ਹੋ 👉  ਟੀਬੀ ਮੁਕਤ ਭਾਰਤ ਅਭਿਆਨ ਤਹਿਤ ‘ਜੋਸ਼ ਟੀਮ’ ਦੀ ਸ਼ੁਰੂਆਤ

 

Leave a Reply

Your email address will not be published. Required fields are marked *