ਸਾਈਕੋਲੋਜਿਸਟ ਦੀ ਭਰਤੀ ਰੱਦ ਕਰਨ ਵਿਰੁੱਧ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਮੂਹਰੇ ਵਿਸ਼ਾਲ ਰੋਸ ਮੁਜ਼ਾਹਰਾ

ਮੁਹਾਲੀ 10 ਜੁਲਾਈ (ਖ਼ਬਰ ਖਾਸ ਬਿਊਰੋ)
ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਮੈਂਬਰਾਂ ਨੇ ਅੱਜ 197 ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਵਿਚ ਬੇਨਿਯਮੀਆਂ ਦੇ ਨਾਲ-ਨਾਲ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਲਈ 343 ਸਾਈਕੋਲੋਜਿਸਟ ਦੀ ਭਰਤੀ ਪ੍ਰਕਿਰਿਆ ਰੱਦ ਕਰਨ ਵਿਰੁੱਧ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਮੂਹਰੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ।

ਇਹ ਧਰਨਾ ਜਿਸਦੀ ਅਗਵਾਈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਐਸ ਓ ਆਈ ਦੇ ਪ੍ਰਧਾਨ ਰਣਬੀਰ ਸਿੰਘ ਰਾਣਾ ਨੇ ਕੀਤੀ, ਦੌਰਾਨ ਨੌਜਵਾਨਾਂ ਨੇ ਦੋ ਘੰਟਿਆਂ ਤੱਕ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਮੂਹਰੇ ਰੋਸ ਧਰਨਾ ਦਿੱਤਾ।

ਯੂਥ ਆਗੂਆਂ ਨੇ ਕਿਹਾ ਕਿ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰਾਂ ਦੀ ਭਰਤੀ ਵਿਚ ਵੱਡੀ ਪੱਧਰ ’ਤੇ ਕੁਰਹਿਤਾਂ ਹੋਈਆਂ ਹਨ, ਸੁਰੱਖਿਆ ਕੁਤਾਹੀਆਂ ਹੋਈਆਂ ਹਨ, ਡਾਟਾ ਬੇਸ ਦੀਆਂ ਗਲਤੀਆਂ ਹੋਈਆਂ ਹਨ ਤੇ ਪਾਰਦਰਸ਼ਤਾ ਦੀ ਘਾਟ ਸਾਹਮਣੇ ਆਈ ਹੈ ਪਰ ਇਸਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਇੰਨੀ ਵੱਡੀ ਪੱਧਰ ’ਤੇ ਇਤਰਾਜ਼ਾਂ ਦੇ ਬਾਵਜੂਦ ਵੀ ਚੋਣ ਪ੍ਰਕਿਰਿਆ ਬੋਰਡ ਵੱਲੋਂ ਜਾਰੀ ਰੱਖੀ ਗਈ।

ਉਹਨਾਂ ਕਿਹਾ ਕਿ ਭਾਵੇਂ ਪ੍ਰਭਾਵਤ ਉਮੀਦਵਾਰਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰਨ ਕਾਰਨ ਨਤੀਜੇ ਰੋਕ ਦਿੱਤੇ ਗਏ ਹਨ ਪਰ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਜ਼ਰੂਰਤ ਹੈ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਕਿਵੇਂ ਸਟੇਟ ਬੈਂਕ ਆਫ ਇੰਡੀਆ, ਕਰਮਾਵਾਲਾ ਤੇ ਸਮਾਈਲ ਵਰਗੇ ਨਾਮ ਮੈਰਿਟ ਲਿਸਟ ਵਿਚ ਆਏ।

ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਸਰਕਾਰ ਨੇ ਲਿਖਤੀ ਪ੍ਰੀਖਿਆ ਪੂਰੀ ਹੋਣ ਮਗਰੋਂ ਵੀ 343 ਸਾਈਕੋਲੋਜਿਸਟ ਦੀ ਭਰਤੀ ਰੱਦ ਕਰ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਨੇ ਨਾ ਸਿਰਫ ਅਜਿਹਾ ਕੀਤਾ ਬਲਕਿ ਇਸ ਮਾਮਲੇ ਵਿਚ ਪ੍ਰਾਈਵੇਟ ਏਜੰਸੀਆਂ ਨੂੰ ਆਊਟ ਸੋਰਸ ਦਾ ਕੰਮ ਵੀ ਦੇ ਦਿੱਤਾ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਆਪ ਦਿੱਲੀ ਹਾਈ ਕਮਾਂਡ ਨੂੰ ਅਸਲ ਲਿਸਟ ਚੰਗੀ ਨਹੀਂ ਲੱਗੀ ਅਤੇ ਇਸੇ ਕਾਰਨ ਦਿੱਲੀ ਤੇ ਉੱਤਰ ਪ੍ਰਦੇਸ਼ ਤੋਂ ਬਾਹਰਲਿਆਂ ਵਾਲੀ ਨਵੀਂ ਲਿਸਟ ਤਿਆਰ ਕੀਤੀ ਜਾ ਰਹੀ ਹੈ।

ਯੂਥ ਆਗੂਆਂ ਨੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਤੇ ਮੈਂਬਰਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਤੇ ਉਹਨਾਂ ਨੂੰ ਸਵਾਲ ਕੀਤਾ ਕਿ ਉਹ ਕੇਜਰੀਵਾਲ ਦੀਆਂ ਹਦਾਇਤਾਂ ’ਤੇ ਉਹਨਾਂ ਨਾਲ ਧੋਖਾ ਕਿਉਂ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬ ਅਧੀਨਸੇਵਾਵਾਂ  ਚੋਣ ਬੋਰਡ ਨੇ ਅਜਿਹਾ ਕੀਤਾ ਹੋਵੇ। ਉਹਨਾਂ ਕਿਹਾ ਕਿ ਦਿੱਲੀ, ਰਾਜਸਥਾਨ ਤੇ ਹਰਿਆਣਾ ਤੋਂ ਬਾਹਰਲਿਆਂ ਨੂੰ ਪਹਿਲਾਂ ਵੀ ਨਿਯਮਾਂ ਵਿਚ ਛੋਟ ਦੇ ਕੇ ਪੰਜਾਬ ਸਰਕਾਰ ਦੀਆਂ ਆਸਾਮੀਆਂ ਵਿਚ ਭਰਤੀ ਵਾਸਤੇ ਪਹਿਲ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਦੀ ਇਕ ਨਵੀਂ ਪੀੜੀ ਨਾਲ ਪੂਰਾ ਵਿਤਕਰਾ ਹੈ।
ਸਰਦਾਰ ਝਿੰਜਰ ਤੇ ਸਰਦਾਰ ਰਾਣਾ ਨੇ ਕਿਹਾ ਕਿ ਉਹ ਆਉਂਦੇ ਦਿਨਾਂ ਵਿਚ ਇਹ ਸਾਰਾ ਮਾਮਲਾ ਲੋਕਾਂ ਸਾਹਮਣੇ ਲਿਆਉਣਗੇ। ਉਹਨਾਂ ਕਿਹਾ ਕਿ ਅਸੀਂ ਇਹ ਨੌਜਵਾਨ ਵਿਰੋਧੀ ਤੇ ਆਪ ਦੇ ਭ੍ਰਿਸ਼ਟਾਚਾਰ ਨੂੰ ਲੋਕਾਂ ਸਾਹਮਣੇ ਲਿਆਵਾਂਗੇ ਤਾਂ ਜੋ ਯਕੀਨੀ ਬਣਾਵਾਂਗੇ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਦਾ ਭੋਗ ਪੈ ਸਕੇਗਾ।
ਹੋਰ ਪੜ੍ਹੋ 👉  'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ ਲਿਆਉਣ ਲਈ ਸਖ਼ਤ ਸਮਾਂ-ਸੀਮਾਵਾਂ ਤੈਅ, ਪ੍ਰੋਜੈਕਟਾਂ ਦੀ ਨਿਯਮਤ ਨਿਗਰਾਨੀ ਅਤੇ ਸਮੇਂ ਸਿਰ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼

Leave a Reply

Your email address will not be published. Required fields are marked *