ਗੁਰੂ ਰਵਿਦਾਸ ਵੱਲੋਂ ਸ਼ੋਸ਼ਿਤ ਸਮਾਜ ਲਈ ਸ਼ੁਰੂ ਕੀਤੇ ਮਿਸ਼ਨ ਨੂੰ ਗੁਰੂ ਗੋਬਿੰਦ ਸਿੰਘ ਨੇ ਸਿਖਰ ਤੇ ਪਹੁੰਚਾਇਆ : ਡਾ. ਮਨਮੋਹਨ
ਬੇਗਮਪੁਰ ਦਾ ਸੰਕਲਪ ਦੁਨੀਆ ਲਈ ਚਾਨਣ ਮੁਨਾਰਾ : ਡਾ. ਸਰਬਜੀਤ ਸਿੰਘ
ਚੰਡੀਗੜ੍ਹ 28 ਜੂਨ (ਖ਼ਬਰ ਖਾਸ ਬਿਊਰੋ)
ਬਾਣੀ ਵਿਚਾਰ ਚੇਤਨਾ ਮੰਚ ਰਜਿ. ਪੰਜਾਬ ਵੱਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਪੰਜਵਾਂ ਸੈਮੀਨਾਰ ਚੰਡੀਗੜ੍ਹ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਸੈਮੀਨਾਰ ਦੇ ਮੁੱਖ ਮਹਿਮਾਨ ਸਾਬਕਾ ਆਈਪੀਐਸ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਜਦੋਂ ਇਨਸਾਨ ਨੂੰ ਇਨਸਾਨ ਨਾਲ ਨਫ਼ਰਤ ਸੀ, ਉਸ ਵੇਲੇ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਉਸ ਵੱਲੋਂ ਪੇਸ਼ ਕੀਤੀਆਂ ਸ਼ਹਾਦਤਾਂ ਨੇ ਸਮਾਜ ਨੂੰ ਇਕਸਾਰਤਾ ਬਖ਼ਸ਼ੀ, ਰਵਿਦਾਸ ਵੱਲੋਂ ਸ਼ੁਰੂ ਕੀਤਾ ਮਿਸ਼ਨ ਨੇ ਅਜਿਹਾ ਪ੍ਰਚੰਡ ਰੂਪ ਧਾਰਿਆ ਕਿ ਇਸ ਮਿਸ਼ਨ ਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਤੱਕ ਵਾਰ ਦਿੱਤਾ ਤੇ ਉਨ੍ਹਾਂ ਜਾਤਾਂ ਦਾ ਨਾਸ ਕਰਕੇ ਸਮਾਜ ਨੂੰ ਇੱਕਜੁੱਟਤਾ ਬਖ਼ਸ਼ੀ। ਕਰਨਲ ਪ੍ਰਿਥਵੀ ਰਾਜ ਕੁਮਾਰ ਨੇ ਆਪਣਾ ਮੁੱਖ ਭਾਸ਼ਣ ਗੁਰੂ ਰਵਿਦਾਸ ਤੇ ਸ਼੍ਰੋਮਣੀ ਸੰਤ ਕਬੀਰ ਜੀ ਦੇ ਆਪਸੀ ਸਮਾਜਕ ਤੇ ਧਾਰਮਿਕ ਸਰੋਕਾਰਾਂ ਦੇ ਪੜ੍ਹਿਆ, ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਮਹਾਂ ਪੁਰਸ਼ਾਂ ਨੇ ਉਸ ਵੇਲੇ ਜਾਤਾਂ ਪਾਤਾਂ ਵਿਚ ਡੁੱਬ ਰਹੇ ਸਮਾਜ ਨੂੰ ਕ੍ਰਾਂਤੀਕਾਰੀ ਬਲ ਬਖ਼ਸ਼ਿਆ, ਜਿਸ ਦੀ ਹੂਕ ਅੱਜ ਤੱਕ ਪੈਂਦੀ ਹੈ।

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਉਸ ਸਮੇਂ ਦੇ ਅਧਿਆਤਮਵਾਦ ਨੂੰ ਸਾਰੇ ਪਾਖੰਡਾਂ ਵਿਚੋਂ ਕੱਢ ਕੇ ਗੁਰੂ ਰਵਿਦਾਸ ਨੇ ‘ਸਤਨਾਮ’ ਨਾਲ ਜੋੜਿਆ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਸ਼ੁਰੂਆਤ ਵਿਚ ਸੁਸ਼ੋਭਿਤ ਕਰਕੇ ‘ਸਤਨਾਮ’ ਦੇ ਸੰਕਲਪ ਨੂੰ ਸਿਖਰ ਤੇ ਪਹੁੰਚਾਇਆ। ਰਵਿਦਾਸ ਵੱਲੋਂ ਦਿੱਤਾ ਬੇਗ਼ਮ ਪੁਰੇ ਦਾ ਪੈਗ਼ਾਮ ਅੱਜ ਵੀ ਸਾਰੀ ਦੁਨੀਆ ਲਈ ਚਾਨਣ ਮੁਨਾਰਾ ਹੈ। ਦਲਿਤ ਚਿੰਤਕ ਡਾ. ਰੌਣਕੀ ਰਾਮ ਨੇ ਕਿਹਾ ਕਿ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਚੱਲ ਰਹੀ ਭਾਰਤੀ ਸੰਸਕ੍ਰਿਤੀ ਨੂੰ ਗੁਰੂ ਰਵਿਦਾਸ ਦੀ ਬਾਣੀ ਦਰੁਸਤ ਕਰ ਸਕਦੀ ਹੈ।
ਮੰਚ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕੌਮੀ ਤੇ ਕੌਮਾਂਤਰੀ ਪੱਤਰ ਤੇ ਸਾਡਾ 24 ਸੈਮੀਨਾਰ ਕਰਾਉਣ ਦਾ ਟੀਚਾ ਹੈ, ਇਕ ਤਿੰਨ ਦਿਨਾਂ ਦੀ ਕਾਨਫ਼ਰੰਸ ਪਟਿਆਲਾ ਵਿਚ ਕਰਾਈ ਜਾਵੇਗੀ। ਇਸ ਵੇਲੇ ਸੈਮੀਨਾਰ ਦੇ ਕੋਆਰਡੀਨੇਟਰ ਫਤਿਹਜੰਗ ਸਿੰਘ ਨੇ ਗੁਰੂ ਰਵਿਦਾਸ ਦੀ ਵਿਚਾਰਧਾਰਾ ਘਰੋ ਘਰੀਂ ਪਹੁੰਚਾਉਣ ਦਾ ਸਾਡਾ ਸੰਕਲਪ ਹੈ। ਸੈਮੀਨਾਰ ਦੇ ਪ੍ਰਬੰਧਕ ਓ ਪੀ ਚੋਪੜਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਚਲਦਿਆਂ ਅਸੀਂ ਸਮਾਜ ਸੇਵਾ ਵਿਚ ਅਹਿਮ ਕੰਮ ਕਰ ਰਹੇ ਹਾਂ।
ਡਾ. ਗੁਰਮੀਤ ਕੱਲਰਮਾਜਰੀ ਦੀ ਸੰਪਾਦਿਤ ਕਿਤਾਬ ‘ਆਦਿ ਧਰਮ ਮੰਡਲ ਰਿਪੋਰਟ 1931’ ਰਿਲੀਜ਼ ਕੀਤੀ ਗਈ। ਇਸ ਵੇਲੇ ਡਾ. ਕੱਲਰਮਾਜਰੀ ਨੇ ਧੰਨਵਾਦੀ ਭਾਸ਼ਣ ਦਿੰਦਿਆਂ ਕਿਹਾ ਕਿ ਅਸੀਂ ਸਿਰਫ਼ ਗੁਰੂ ਰਵਿਦਾਸ ਤੇ ਹੀ ਨਹੀਂ ਸਗੋਂ ਭੁੱਲੇ ਵਿੱਸਰੇ ਨਾਇਕਾਂ ਤੋਂ ਇਲਾਵਾ ਸਾਡੇ ਭਗਤਾਂ ਤੇ ਦਸਾਂ ਗੁਰੂ ਸਾਹਿਬਾਨਾਂ ਤੇ ਵੀ ਸੈਮੀਨਾਰ ਕਰਾਉਣ ਲਈ ਤਿਆਰੀ ਕਰ ਰਹੇ ਹਾਂ। ਇਸ ਵੇਲੇ ਡੀਪੀਆਰ ਪੰਜਾਬ ਦੇ ਜੁਆਇੰਟ ਡਾਇਰੈਕਟਰ ਪ੍ਰੀਤ ਕੰਵਲ ਸਿੰਘ, ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ, ਜਗਦੀਸ਼ ਲਾਲ ਬੱਧਣ ਹੁਸ਼ਿਆਰਪੁਰ, ਪ੍ਰੋ ਲਾਲ ਬਹਾਦਰ ਭਾਟੀਆ ਜਲੰਧਰ, ਡਾ. ਸੰਤੋਖ ਸੁੱਖੀ ਪਟਿਆਲਾ, ਬਲਵਿੰਦਰ ਸਿਪਰੇ, ਪਰਮਿੰਦਰ ਸਿੰਘ ਰਾਏਪੁਰ, ਹਰਨੇਕ ਸਿੰਘ ਚੁੰਨੀ, ਹਰਨਾਮ ਸਿੰਘ ਡੱਲਾ ਰੋਪੜ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।