ਜਲੰਧਰ, 24 ਜੂਨ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਗੁਰੂ ਸਾਹਿਬਾਨ ਖਿਲਾਫ ਕੀਤੇ ਗਏ ਘਿਨੌਣੇ ਬੇਅਦਬੀ ਕਾਂਡ ਅਤੇ ਉਸ ਉਪਰੰਤ ਇਸ ’ਤੇ ਪਰਦਾ ਪਾਉਣ ਲਈ ਕੀਤੇ ਗਏ ਯਤਨ ਜਿਹਨਾਂ ਤਹਿਤ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਫੋਰੈਂਸਿਕ ਲੈਬਾਂ ਤੋਂ ਝੂਠੀਆਂ ਰਿਪੋਰਟਾਂ ਲੈ ਕੇ ਮੁੱਖ ਮੰਤਰੀ ਕਲੀਨ ਚਿੱਟ ਦੇਣ ਦਾ ਯਤਨ ਕੀਤਾ ਗਿਆ, ਦੀ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜ ਮੈਂਬਰੀ ਕਮੇਟੀ ਜੋ ਮੁੱਖ ਮੰਤਰੀ ਤੇ ਉਹਨਾਂ ਦੀਆਂ ਆਪ ਹੁਦਰੀਆਂ ਖਿਲਾਫ ਸਾਰੀਆਂ ਧਾਰਮਿਕ ਜਥੇਬੰਦੀਆਂ ਤੇ ਸੰਤ ਸਮਾਜ ਨਾਲ ਤਾਲਮੇਲ ਕਰਨ ਵਾਸਤੇ ਅਕਾਲੀ ਦਲ ਨੇ ਬਣਾਈ ਹੈ, ਦੇ ਮੈਂਬਰਾਂ ਨੇ ਕਿਹਾ ਕਿ ਸਿਰਫ ਸੀ ਬੀ ਆਈ ਜਾਂਚ ਹੀ ਇਸ ਮਾਮਲੇ ਦੀ ਤਹਿ ਤੱਕ ਜਾ ਸਕਦੀ ਹੈ ਕਿਉਂਕਿ ਹੁਣ ਇਹ ਅੰਤਰ ਰਾਜੀ ਮਸਲਾ ਬਣ ਗਿਆ ਹੈ ਤੇ ਇਸ ਵਿਚ ਵਰਤੇ ਗਏ ਪੈਸੇ ਦੀ ਹੋਈ ਵੰਡ ਦੀ ਤਰਤੀਬ ਫੜਨ ਵਾਸਤੇ ਜਾਂਚ ਦੀ ਜ਼ਰੂਰਤ ਹੈ।
ਵੇਰਵੇ ਸਾਂਝੇ ਕਰਦਿਆਂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕੇਸ ਵਿਚ ਮੁੱਢਲੇ ਮੁਲਜ਼ਮ ਮੁੱਖ ਮੰਤਰੀ ਹਨ। ਉਹਨਾਂ ਕਿਹਾ ਕਿ ਇਹ ਵੀ ਸਪਸ਼ਟ ਹੈ ਕਿ ਮੁੱਖ ਮੰਤਰੀ ਦੇ ਇਸ਼ਾਰੇ ’ਤੇ ਹੀ ਦਸਤਾਵੇਜ਼ ਜਾਅਲੀ ਤਿਆਰ ਕੀਤੇ ਗਏ ਤੇ ਜਾਅਲਸਾਜ਼ੀ ਕੀਤੀ ਗਈ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਨਾ ਸਿਰਫ ਇਕ ਜਾਅਲੀ ਦਸਤਾਵੇਜ਼ ਤਿਆਰ ਕੀਤਾ ਬਲਕਿ ਇਸਨੇ ਆਪਣੇ ਅਧੀਨ ਸਰਕਾਰੀ ਤੰਤਰ ਵਰਤ ਕੇ ਡੀ ਜੀ ਪੀ ਗੌਰਵ ਯਾਦਵ ਤੋਂ ਕੇਸ ਦੀ ਜਾਂਚ ਮੰਗ ਕਰ ਕੇ ਇਸਨੂੰ ਅਸਲੀ ਦਸਤਾਵੇਜ਼ ਵਜੋਂ ਪੇਸ਼ ਕਰਨ ਦਾ ਯਤਨ ਕੀਤਾ।
ਹੋਰ ਵੇਰਵੇ ਸਾਂਝੇ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਸੰਵਿਧਾਨਕ ਸੰਕਟ ਖੜ੍ਹਾ ਹੋ ਗਿਆ ਹੈ ਕਿਉਂਕਿ ਭਗਵੰਤ ਮਾਨ ਐਫ ਆਈ ਆਰ ਵਿਚ ਲਾਭ ਹਾਸਲ ਕਰਨ ਵਾਲੇ ਬਣ ਗਏ ਹਨ। ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਵਿਚ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਬਚਾਉਣ ਲਈ ਨਾ ਸਿਰਫ ਕਾਨੂੰਨ ਤੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਬਲਕਿ ਰਾਜ ਤੇ ਸਰਕਾਰੀ ਖ਼ਜ਼ਾਨੇ ਦੇ ਪੈਸੇ ਦੀ ਦੁਰਵਰਤੋਂ ਵੀਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਸਭ ਕੁਝ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਾੜਾ ਦਰਸਾਉਣ ਵਾਸਤੇ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਕਮਿਸ਼ਨਰ ਪੁਲਿਸ ਦੇ ਪੱਧਰ ਦੇ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਫੋਰੈਂਸਿਕ ਲੈਬ ਤੋਂ ਜਾਅਲੀ ਰਿਪੋਰਟ ਲੈਣ ਕਿਉਂ ਭੇਜਿਆ। ਉਹਨਾਂ ਕਿਹਾ ਕਿ ਇਹ ਵੀ ਸਪਸ਼ਟ ਨਹੀਂ ਹੈ ਕਿ ਕੀ ਭਗਵੰਤ ਮਾਨ ਨੇ ਇਸ ਮਾਮਲੇ ਵਿਚ ਪੁਲਿਸ ਅਫਸਰਾਂ ਨੂੰ ਨਿਰਦੇਸ਼ ਦਿੱਤੇ ਜਾਂ ਫਿਰ ਉਹਨਾਂ ਖੁਦ ਹੀ ਝੂਠ ਬੋਲਿਆ। ਉਹਨਾਂ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਇਹ ਸਵਾਲ ਕੀਤਾ ਕਿ ਉਹ ਦੱਸਣ ਕਿ ਉਹਨਾਂ ਨੇ ਕਿਸ ਆਧਾਰ ’ਤੇ ਫੋਰੈਂਸਿਕ ਲੈਬਾਂ ਦੀਆਂ ਜਾਅਲੀ ਰਿਪੋਰਟਾਂ ਜਨਤਕ ਕੀਤੀਆਂ ਤੇ ਦਾਅਵਾ ਕੀਤਾ ਕਿ ਇਹ ਅਸਲੀ ਰਿਪੋਰਟਾਂ ਹਨ।
ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧਾ ਟਕਰਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪਣੀ ਗਲਤੀ ਛੁਪਾਉਣ ਲਈ ਮੁੱਖ ਮੰਤਰੀ ਗੁੜਗਾਓਂ ਦੀ ਫੋਰੈਂਸਿਕ ਲੈਬ ਤੋਂ ਝੂਠੀ ਰਿਪੋਰਟ ਹਾਸਲ ਕਰਨ ਸਮੇਤ ਝੂਠ ਬੋਲਣ ’ਤੇ ਤੁਲੇ ਹਨ। ਉਹਨਾਂ ਕਿਹਾ ਕਿ ਜਦੋਂ ਉਹ ਬੇਨਕਾਬ ਹੋ ਗਏ ਤੇ ਇਹ ਸਾਬਤ ਹੋ ਗਿਆ ਕਿ ਫੋਰੈਂਸਿਕ ਲੈਬਾਂ ਤੋਂ ਰਿਪੋਰਟ ਪੰਜਾਬ ਪੁਲਿਸ ਦੀ ਟੀਮ ਨੇ ਤਿਆਰ ਕਰਵਾਈਆਂ ਹਨ ਤਾਂ ਭਗਵੰਤ ਮਾਨ ਨਵੇਂ ਝੂਠ ਬੋਲ ਕੇ ਫਿਰ ਤੋਂ ਸਿੱਖ ਸੰਗਤ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹ ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲੈਣ ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਕਿਸੇ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਬਿ ਨਾਲ ਮੱਥਾ ਲਗਾਇਆ, ਉਸਨੂੰ ਕਦੇ ਸਫਲਤਾ ਨਹੀਂ ਮਿਲੀ।
ਇਸ ਮੌਕੇ ਕਮੇਟੀ ਦੇ ਹੋਰ ਮੈਂਬਰਾਂ ਵਿਚ ਗੁਲਜ਼ਾਰ ਸਿੰਘ ਰਣੀਕੇ ਅਤੇ ਅਮਰਜੀਤ ਸਿੰਘ ਚਾਵਲਾ ਵੀ ਹਾਜ਼ਰ ਸਨ।