ਖੇਡਾਂ ਅਤੇ ਬੂਟ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਐਫ.ਡੀ.ਡੀ.ਆਈ. ਨਾਲ ਸਮਝੌਤਾ,ਜਲੰਧਰ ਵਿੱਚ ਟੈਸਟਿੰਗ ਲੈਬ ਬਣਾਈ ਜਾਵੇਗੀ


ਚੰਡੀਗੜ੍ਹ, 16 ਜੂਨ(ਖ਼ਬਰ ਖਾਸ ਬਿਊਰੋ)

ਸੂਬੇ ਵਿੱਚ ਹੁਨਰ ਵਿਕਾਸ, ਨੌਕਰੀਆਂ ਦੇ ਮੌਕਿਆਂ ਅਤੇ ਨਿਰਯਾਤ ਨੂੰ ਵੱਡਾ ਹੁਲਾਰਾ ਦੇਣ ਦੇ ਉਦੇਸ਼ ਨਾਲ, ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਰਾਸ਼ਟਰੀ ਪੱਧਰ ਦੀ ਇੱਕ ਕੇਂਦਰੀ ਸੰਸਥਾ ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐਫਡੀਡੀਆਈ) ਨਾਲ ਰਣਨੀਤਕ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਗਿਆ ਹੈ। ਇਸ ਸਮਝੌਤੇ ਨਾਲ ਸੂਬੇ ਵਿੱਚ ਖੇਡਾਂ ਦੇ ਸਮਾਨ, ਜੁੱਤੀਆਂ ਅਤੇ ਚਮੜੇ ਦਾ ਸਾਮਾਨ ਬਣਾਉਣ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤੀ ਮਿਲੇਗੀ।

ਇਸ ਸਮਝੌਤੇ ਲਈ ਵਿਭਾਗ ਨੂੰ ਵਧਾਈ ਦਿੰਦਿਆਂ, ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸਮਝੌਤਾ ਸੂਬੇ ਦੀਆਂ ਰਵਾਇਤੀ ਸਮਰੱਥਾਵਾਂ ਨੂੰ ਤਕਨਾਲੋਜੀ-ਅਧਾਰਤ, ਵਿਸ਼ਵ ਪੱਧਰ ‘ਤੇ ਮੁਕਾਬਲੇ ਵਾਲੀਆਂ ਸੰਸਥਾਵਾਂ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਫੈਸਲਾਕੁੰਨ ਕਦਮ ਹੈ।

ਉਨ੍ਹਾਂ ਕਿਹਾ, “ਸਾਡਾ ਉਦੇਸ਼ ਇਸ ਖੇਤਰ ਨੂੰ ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚਾ, ਹੁਨਰਮੰਦ ਕਾਮਿਆਂ, ਡਿਜ਼ਾਈਨ ਅਤੇ ਨਵੀਨਤਾ ਅਤੇ ਬਾਜ਼ਾਰ ਨਾਲ ਮਜ਼ਬੂਤ ਲਿੰਕ ਪ੍ਰਦਾਨ ਕਰਨਾ ਹੈ। ਇਸ ਭਾਈਵਾਲੀ ਨਾਲ ਸਾਡੇ ਐਮਐਸਐਮਈਜ਼ ਨੂੰ ਰਾਸ਼ਟਰੀ ਅਤੇ ਵਿਸ਼ਵਵਿਆਪੀ ਸਪਲਾਈ ਚੇਨਾਂ ਦਾ ਹਿੱਸਾ ਬਣਨ ਅਤੇ ਆਪਣੀ ਨਿਰਯਾਤ ਸਮਰੱਥਾਵਾਂ ਨੂੰ ਵਧਾਉਣ ਵਿੱਚ ਮਦਦ ਮਿਲੇਗੀ।”

ਹੋਰ ਪੜ੍ਹੋ 👉  ਯਾਦਵਿੰਦਰ ਸਿੰਘ ਬੁੱਟਰ ਨੇ ਕੀਤੀ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ

ਉਦਯੋਗ ਮੰਤਰੀ ਨੇ ਅੱਗੇ ਕਿਹਾ ਕਿ ਇਸ ਭਾਈਵਾਲੀ ਤਹਿਤ ਖੇਡ ਉਪਕਰਣਾਂ ਲਈ ਦੇਸ਼ ਦੇ ਪ੍ਰਮੁੱਖ ਨਿਰਮਾਣ ਕੇਂਦਰਾਂ ਵਿੱਚੋਂ ਇੱਕ ਜਲੰਧਰ ਵਿੱਚ ਪ੍ਰਸਤਾਵਿਤ ਸਪੋਰਟਸ ਗੁੱਡਜ਼ ਟੈਸਟਿੰਗ ਅਤੇ ਡਿਵੈਲਮੈਂਟ ਲੈਬ ਸਥਾਪਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਇਸ ਭਾਈਵਾਲੀ ਤਹਿਤ ਸੂਬੇ ਭਰ ਵਿੱਚ ਫੁੱਟਵੀਅਰ ਅਤੇ ਐਕਸੈਸਰੀਜ਼ ਟੈਸਟਿੰਗ ਸੈਂਪਲ ਕਲੈਕਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐਮਐਸਐਮਈਜ਼) ਨੂੰ ਆਪਣੀਆਂ ਉਤਪਾਦਨ ਇਕਾਈਆਂ ਦੇ ਨੇੜੇ ਪੇਸ਼ੇਵਰ ਮਿਆਰੀ-ਭਰੋਸੇਯੋਗ ਸੇਵਾਵਾਂ ਮਿਲ ਸਕਣਗੀਆਂ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਸਮਝੌਤੇ ਵਿੱਚ ਇੱਕ ਸੈਂਟਰ ਆਫ਼ ਐਕਸੀਲੈਂਸ ਅਤੇ ਇੱਕ ਮਜ਼ਬੂਤ ਹੁਨਰਮੰਦ ਢਾਂਚਾ ਵੀ ਸ਼ਾਮਲ ਹੋਵੇਗਾ ਜੋ ਉਦਯੋਗ, ਅਕਾਦਮਿਕ ਸੰਸਥਾਵਾਂ, ਸਟਾਰਟਅੱਪਸ ਅਤੇ ਤਕਨੀਕੀ ਮਾਹਿਰਾਂ ਨੂੰ ਇੱਕ ਮੰਚ ‘ਤੇ ਲੈ ਆਵੇਗਾ। ਤਿਆਰ ਕੀਤੇ ਸਿਖਲਾਈ ਪ੍ਰੋਗਰਾਮ ਡਿਜ਼ਾਈਨ, ਉਤਪਾਦ ਬਣਾਉਣ, ਗੁਣਵੱਤਾ ਦਾ ਭਰੋਸਾ, ਪ੍ਰਚੂਨ ਅਤੇ ਫੈਸ਼ਨ ਉਪਕਰਣਾਂ ਵਰਗੇ ਉੱਭਰ ਰਹੇ ਖੇਤਰਾਂ ‘ਤੇ ਕੇਂਦ੍ਰਿਤ ਹੋਣਗੇ। ਇਹ ਬੁਨਿਆਦੀ ਢਾਂਚਾ ਨਿਰਮਾਤਾਵਾਂ ਨੂੰ ਉਤਪਾਦ ਬਣਾਉਣ ਦੇ ਸਮੇਂ ਨੂੰ ਘਟਾਉਣ, ਪ੍ਰਮੁੱਖ ਬ੍ਰਾਂਡਾਂ ਦੇ ਸਖ਼ਤ ਤਕਨੀਕੀ ਮਾਪਦੰਡਾਂ ‘ਤੇ ਖਰਾ ਉਤਰਨ ਅਤੇ ਘਰੇਲੂ ਤੇ ਨਿਰਯਾਤ ਬਾਜ਼ਾਰਾਂ ਵਿੱਚ ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।

ਹੋਰ ਪੜ੍ਹੋ 👉  ਭਗਵੰਤ ਮਾਨ ਨੂੰ ਨੈਤਿਕ ਆਧਾਰ 'ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ  ਦੇ ਦੇਣਾ ਚਾਹੀਦਾ ਹੈ : ਸੁਖਜਿੰਦਰ ਰੰਧਾਵਾ

ਉਨ੍ਹਾਂ ਅੱਗੇ ਕਿਹਾ ਕਿ ਇਹ ਭਾਈਵਾਲੀ ਉੱਦਮੀਆਂ ਨੂੰ ਹੁਲਾਰਾ ਦੇਣ, ਸਟਾਰਟਅੱਪ ਇਨਕਿਊਬੇਸ਼ਨ, ਖੋਜ ਵਿੱਚ ਸਹਿਯੋਗ ਅਤੇ ਫੈਕਲਟੀ-ਮਾਹਰ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗੀ ਤਾਂ ਜੋ ਪੰਜਾਬ ਦੇ ਉਦਯੋਗਿਕ ਅਧਾਰ ਨੂੰ ਉੱਚ-ਮੁੱਲ, ਨਵੀਨਤਾ ਅਧਾਰਤ ਨਿਰਮਾਣ ਵੱਲ ਲਿਜਾਇਆ ਜਾ ਸਕੇ ਅਤੇ ਟੈਸਟਿੰਗ ਬੁਨਿਆਦੀ ਢਾਂਚੇ, ਹੁਨਰਮੰਦ ਕਾਮਿਆਂ ਸਬੰਧੀ ਘਾਟ ਅਤੇ ਬਾਜ਼ਾਰ ਤੱਕ ਬਿਹਤਰ ਪਹੁੰਚ ਵਿਚਲੇ ਪਾੜੇ ਨੂੰ ਪੂਰਿਆ ਜਾ ਸਕੇ ਜਿਸ ਦੇ ਕਾਰਨ ਲੰਬੇ ਸਮੇਂ ਤੋਂ ਸੂਬੇ ਦੇ ਰਵਾਇਤੀ ਉਦਯੋਗ ਪਛੜ ਰਹੇ ਹਨ।

ਇਸ ਸਮਝੌਤੇ ‘ਤੇ ਨਿਵੇਸ਼ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ੍ਰੀ ਅਮਿਤ ਢਾਕਾ ਦੀ ਮੌਜੂਦਗੀ ਵਿੱਚ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਪ੍ਰੀਤ ਸਿੰਘ ਅਤੇ ਐਫਡੀਡੀਆਈ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਿਵੇਕ ਸ਼ਰਮਾ ਵੱਲੋਂ ਹਸਤਾਖਰ ਕੀਤੇ ਗਏ।

ਹੋਰ ਪੜ੍ਹੋ 👉  ਸੀਪੀਡੀਐਲ ਨੇ ਕ੍ਰਾਫੈਡ ਮੈਂਬਰਾਂ ਨੇ ਬਿਜਲੀ ਸਪਲਾਈ ਅਤੇ ਬਿਹਤਰ ਉਪਭੋਗਤਾ ਸੇਵਾਵਾਂ ਦਾ ਦਿੱਤਾ ਭਰੋਸਾ

ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਸ੍ਰੀ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਕੇਂਦਰੀ ਅਤੇ ਸੂਬਾਈ ਯੋਜਨਾਵਾਂ ਅਧੀਨ ਤਕਨਾਲੋਜੀ ਨੂੰ ਅਪਣਾਉਣ ਅਤੇ ਸਮਰੱਥਾ ਨਿਰਮਾਣ ਵਿੱਚ ਮਦਦ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਉਦਯੋਗਾਂ ਨੂੰ ਅਜਿਹੇ ਉਤਪਾਦਨ ਵੱਲ ਵਧਣ ਲਈ ਮਦਦ ਕਰ ਰਹੀ ਹੈ ਜੋ ਖਪਤਕਾਰਾਂ ਦੀਆਂ ਬਦਲਦੀਆਂ ਮੰਗਾਂ ਅਤੇ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਣ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ, ਉੱਦਮੀਆਂ ਅਤੇ ਐਮਐਸਐਮਈਜ਼ ਲਈ ਖੇਡਾਂ ਦੇ ਸਮਾਨ ਅਤੇ ਫੁੱਟਵੇਅਰ ਸੈਕਟਰ ਵਿੱਚ ਨਵੇਂ ਰਾਹ ਵੀ ਖੋਲ੍ਹਣਗੇ।

Leave a Reply

Your email address will not be published. Required fields are marked *