ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਭਗਤ

ਜਲੰਧਰ, 4 ਜੂਨ (ਖ਼ਬਰ ਖਾਸ ਬਿਊਰੋ)
ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਵੱਲ ਇੱਕ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਐਲਾਨ ਕੀਤਾ ਕਿ ਸੂਬੇ ਦੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸਫ਼ਲਤਾਪੂਰਵਕ ਇੱਕ ਲੋਕ ਲਹਿਰ ਵਿੱਚ ਤਬਦੀਲ ਹੋ ਗਈ ਹੈ।
ਵਾਰਡ ਡਿਫੈਂਸ ਕਮੇਟੀਆਂ ਦੀ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਵਿੱਚ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨ੍ਹਾਂ ਕਿਸੇ ਵੀ ਸਮਾਜਿਕ ਬੁਰਾਈ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਰੰਧਾਵਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ, ਐਸ.ਡੀ.ਐਮ. ਸ਼ੁਭੀ ਆਂਗਰਾ, ‘ਆਪ’ ਆਗੂ ਨਿਤਿਨ ਕੋਹਲੀ ਤੇ ਦਿਨੇਸ਼ ਢੱਲ ਵੀ ਮੌਜੂਦ ਸਨ।
ਸ਼੍ਰੀ ਭਗਤ ਨੇ ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਨਸ਼ਿਆਂ ਨੂੰ ਖ਼ਤਮ ਕਰਨ ਵਿੱਚ ਇਨ੍ਹਾਂ ਡਿਫੈਂਸ ਕਮੇਟੀਆਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲਿਆ ਹੈ, ਜਿਸ ਸਦਕਾ ਪੂਰੇ ਖੇਤਰ ਵਿੱਚ 2,500 ਤੋਂ ਵੱਧ ਫੌਰੀ ਅਤੇ ਠੋਸ ਤੇ ਸਖ਼ਤ ਕਾਰਵਾਈਆਂ ਹੋਈਆਂ ਹਨ, ਜੋ ਕਿ ਇਨ੍ਹਾਂ ਕਮੇਟੀ ਮੈਂਬਰਾਂ ਵੱਲੋਂ ਪ੍ਰਦਾਨ ਕੀਤੀ ਸਿੱਧੀ ਫੀਡਬੈਕ ਅਤੇ ਜਾਣਕਾਰੀ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਿਆਂ ਦੀ ਸਮੱਸਿਆ ਨੂੰ ਸਿਰਫ਼ ਘਟਾਉਣ ਲਈ ਨਹੀਂ ਸਗੋਂ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਅਤੇ ਸਥਾਨਕ ਪ੍ਰਸ਼ਾਸਨ ਦਾ ਸਾਂਝਾ ਉੱਦਮ ਹੈ।  ਉਨ੍ਹਾਂ ਅੱਗੇ ਕਿਹਾ ਕਿ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਪ੍ਰਭਾਵਿਤ ਖੇਤਰਾਂ ਦੀ ਸਮੀਖਿਆ ਅਤੇ ਸਫਾਈ ਲਈ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਦੀ ਵਚਨਬੱਧਤਾ ਦੁਹਰਾਉਂਦਿਆਂ ਸੀਨੀਅਰ ‘ਆਪ’ ਆਗੂ ਨਿਤਿਨ ਕੋਹਲੀ ਅਤੇ ਦਿਨੇਸ਼ ਢੱਲ ਨੇ ਕਮੇਟੀ ਮੈਂਬਰਾਂ ਦੇ ਅਣਥੱਕ ਅਤੇ ਦਿਨ-ਰਾਤ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੁਹਰਾਇਆ ਕਿ ਨਸ਼ਿਆਂ ਸਬੰਧੀ ਗਤੀਵਿਧੀਆਂ ਬਾਰੇ ਜਨਤਾ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ 2500 ਤੋਂ ਵੱਧ ਗੰਭੀਰ ਰਿਪੋਰਟਾਂ ਵਿੱਚ ਪਹਿਲਾਂ ਹੀ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਚੁੱਕੀ ਹੈ, ਜੋ ਇਸ ਸਮੱਸਿਆ ‘ਤੇ ਫੈਸਲਾਕੁੰਨ ਵਾਰ ਦਾ ਸੰਕੇਤ ਦਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਉੱਚ ਪੱਧਰੀ ਖੇਡ ਬੁਨਿਆਦੀ ਢਾਂਚਾ ਤਿਆਰ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵੱਲ ਤਵਜੋਂ ਦੇ ਰਹੀ ਹੈ। ਇਸ ਲੜੀ ਵਿੱਚ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਸਮਰੱਥਾ ਹੈ।
ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੁਆਬਾ ਜ਼ੋਨ ਦੇ ਵਾਈਸ ਕੋਆਰਡੀਨੇਟਰ ਅਤਿਨ ਅਗਨੀਹੋਤਰੀ, ਵਾਰਡ ਡਿਫੈਂਸ ਕਮੇਟੀਆਂ ਦੇ ਮੈਂਬਰ ਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।
……..
ਹੋਰ ਪੜ੍ਹੋ 👉  ਕੇਜਰੀਵਾਲ ਦੇ ਸਿੱਖਿਆ ਮਾਡਲ ਤੇ  ਰੰਧਾਵਾ ਦਾ ਪਲਟਵਾਰ, ਕਿਹਾ -ਪੰਜਾਬ ਪਹਿਲਾਂ ਹੀ ਬਣ ਗਿਆ ਸੀ ਦੇਸ਼ ਦਾ ਮੋਹਰੀ ਸੂਬਾ 

Leave a Reply

Your email address will not be published. Required fields are marked *