ਪੱਤਰਕਾਰ ਰਤਨਦੀਪ ਧਾਲੀਵਾਲ ਦੇ ਘਰ ਪੁਲਿਸ ਛਾਪੇਮਾਰੀ ਖ਼ਿਲਾਫ਼ PCJU ਦਾ ਵਫ਼ਦ DGP ਏ.ਐੱਸ. ਰਾਏ ਨੂੰ ਮਿਲਿਆ; ਸੌਂਪਿਆ ਮੰਗ-ਪੱਤਰ

ਚੰਡੀਗੜ੍ਹ, 2 ਜੂਨ (ਖ਼ਬਰ ਖਾਸ ਬਿਊਰੋ)

ਪੰਜਾਬ ਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ (PCJU) ਦੇ ਪ੍ਰਧਾਨ ਜੈ ਸਿੰਘ ਛਿੱਬਰ ਦੀ ਅਗਵਾਈ ਹੇਠ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਸਪੈਸ਼ਲ ਡੀ.ਜੀ.ਪੀ.(ਸ਼ਿਕਾਇਤਾਂ) ਏ.ਐੱਸ. ਰਾਏ ਨਾਲ ਮੁਲਾਕਾਤ ਕੀਤੀ। ਵਫ਼ਦ ਵਿਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ,ਸੀਨੀਅਰ ਪੱਤਰਕਾਰ ਹਮੀਰ ਸਿੰਘ, ਜਗਤਾਰ ਸਿੰਘ ਭੁੱਲਰ, ਸੰਤੋਖ ਸਿੰਘ ਗਿੱਲ, ਦੀਪਕ ਸ਼ਰਮਾ ਚਨਾਰਥਲ, ਬਖਤੌਰ ਢਿਲੋ, ਰਤਨਦੀਪ ਧਾਲੀਵਾਲ, ਮਨਵਿੰਦਰ ਸਿੰਘ ਹਾਜ਼ਰ ਸਨ। ਵਫ਼ਦ ਨੇ ਵੱਖ ਵੱਖ ਜ਼ਿਲ੍ਹਿਆਂ ਦੀ ਪੁਲਿਸ ਵਲੋ ਪੱਤਰਕਾਰ ਰਤਨਦੀਪ ਧਾਲੀਵਾਲ ਦੇ ਘਰ ਛਾਪੇਮਾਰੀ ਦਾ ਸਖ਼ਤ ਵਿਰੋਧ ਕਰਦਿਆਂ ਇੱਕ ਮੰਗ-ਪੱਤਰ ਸੌਂਪਿਆ। ਵਫ਼ਦ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਲੋਕਤੰਤਰ ਦੇ ਖਿਲਾਫ਼ ਅਤੇ ਪ੍ਰੈਸੱ ਦੀ ਅਜ਼ਾਦੀ ’ਤੇ ਹਮਲਾ ਦੱਸਦਿਆਂ ਇਸ ਮਾਮਲੇ ਦੀ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ ਹੇਠ ਕਮੇਟੀ ਗਠਿਤ ਕਰਕੇ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ।

ਹੋਰ ਪੜ੍ਹੋ 👉  ਅਕਾਲੀਆਂ ਨੇ ਬਿਜਲੀ ਕੱਟ ਦੇ ਮੁੱਦੇ ਉਤੇ ਸਰਕਾਰ ਨੂੰ ਘੇਰਿਆ,ਪੰਜਾਬ ਚ ਕੀਤੇ ਰੋਸ ਮੁਜ਼ਾਹਰੇ

ਯੂਨੀਅਨ ਨੇ ਜ਼ੋਰ ਦੇ ਕੇ ਕਿਹਾ ਕਿ ਡਿਊਟੀ ਨਿਭਾ ਰਹੇ ਕਿਸੇ ਵੀ ਪੱਤਰਕਾਰ ਨੂੰ ਪੁਲਿਸ ਵੱਲੋਂ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਜੇਕਰ ਕਿਸੇ ਪੱਤਰਕਾਰ ਵਿਰੁੱਧ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਪਹਿਲਾਂ ਐੱਸ.ਪੀ. (SP) ਰੈਂਕ ਦੇ ਅਧਿਕਾਰੀ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਕਿਸੇ ਵੀ ਪੜਤਾਲ ਲਈ ਪੱਤਰਕਾਰ ਨੂੰ ਪਹਿਲਾਂ ਅਧਿਕਾਰਤ ਅਤੇ ਲਿਖਤੀ ਨੋਟਿਸ ਭੇਜਣਾ ਲਾਜ਼ਮੀ ਕੀਤਾ ਜਾਵੇ।

ਮੰਗ-ਪੱਤਰ ਰਾਹੀਂ ਪ੍ਰੈੱਸ ਦੀ ਸੁਤੰਤਰਤਾ ਦੀ ਰਾਖੀ ਕਰਨ ਅਤੇ ਪੱਤਰਕਾਰਾਂ ਨੂੰ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਸੱਚਾਈ ਸਾਹਮਣੇ ਲਿਆਉਣ ਲਈ ਸੁਰੱਖਿਅਤ ਮਾਹੌਲ ਦੇਣ ਦੀ ਮੰਗ ਕੀਤੀ ਗਈ। ਯੂਨੀਅਨ ਨੇ ਮੰਗ ਕੀਤੀ ਕਿ ਸੂਬੇ ਦੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਪੱਤਰਕਾਰਾਂ ਨਾਲ ਸਤਿਕਾਰਪੂਰਵਕ ਪੇਸ਼ ਆਉਣ ਲਈ ਸਖ਼ਤ ਅਤੇ ਠੋਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।

ਹੋਰ ਪੜ੍ਹੋ 👉  ਦਿਲ ਦੇ ਦੌਰੇ ਦੇ 9 ਮਰੀਜ਼ਾਂ ਲਈ ਜੀਵਨਦਾਤਾ ਬਣਿਆ ਸਟੈਮੀ ਪ੍ਰਾਜੈਕਟ

ਡੀ.ਜੀ.ਪੀ. ਏ.ਐੱਸ. ਰਾਏ ਨੇ ਯੂਨੀਅਨ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਪੱਤਰਕਾਰਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਪੂਰੇ ਕਦਮ ਚੁੱਕੇ ਜਾਣਗੇ।

Leave a Reply

Your email address will not be published. Required fields are marked *