ਮੋਹਾਲੀ 27 ਮਈ (ਖ਼ਬਰ ਖਾਸ ਬਿਊਰੋ )
ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਇੱਕ ਸੂਬਾਈ ਵਫਦ ਵੱਲੋਂ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਮਹਿੰਦਰ ਸਿੰਘ ਇੰਸਪੈਕਟਰ ਰਿਟਾ. ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਸੇਵਾ ਮੁਕਤ ਮੁਲਾਜਮਾ ਨਾਲ ਸੰਬੰਧਿਤ ਮੰਗਾਂ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਪ੍ਰਮੁੱਖ ਆਗੂ ਨਾਇਬ ਸਿੰਘ ਸੈਣੀ ਦੇ ਨਾਲ ਦੇ ਨਾਲ ਸੀਐਮ ਹਾਊਸ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਸੋਸੀਏਸ਼ਨ ਦੇ ਸਵਰਗੀ ਐਸਪੀ ਚੰਚਲ ਸਿੰਘ ਬਾਜਵਾ ਨਾਲ ਸੰਬੰਧਿਤ ਰੱਥਪੁਰ ਰੋਡ ਪਿੰਜੋਰ ਵਿਖੇ ਪ੍ਰੋਪਰਟੀ ਦੇ ਕੇਸ ਦੇ ਨਿਪਟਾਰੇ ਸਬੰਧੀ ਸਬੰਧਤ ਅਫਸਰਾਂ ਨੂੰ ਨਿਰਦੇਸ਼ ਜਾਰੀ ਕੀਤੇ। ਐਸੋਸੀਏਸ਼ਨ ਦੀ ਇਸ ਪ੍ਰੋਪਰਟੀ ਸਬੰਧੀ ਕੇਸ ਕਾਫੀ ਲੰਬੇ ਸਮੇਂ ਤੋਂ ਲੰਬਿਤ ਚਲਿਆ ਆ ਰਿਹਾ ਸੀ।
ਵਫਦ ਨੇ ਮੁੱਖ ਮੰਤਰੀ ਹਰਿਆਣਾ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਪੁਲਿਸ ਨਾਲ ਸੰਬੰਧਿਤ ਮੁਲਾਜ਼ਮਾ ਤੇ ਸੇਵਾ ਮੁਕਤ ਮੁਲਾਜ਼ਮਾ ਨੂੰ ਕਨੇਡਾ ਅੰਬੈਸੀ ਵੱਲੋਂ ਵੀਜ਼ਾ ਨਾਂ ਦੇਣ ਵਿੱਚ ਕਾਫੀ ਆਨਾਕਾਨੀ ਕੀਤੀ ਜਾ ਰਹੀ ਹੈ। ਜਿਸ ਕਰਕੇ ਮੁਲਾਜ਼ਮ ਆਪਣੇ ਕਨੇਡਾ ਰਹਿੰਦੇ ਬੱਚਿਆਂ ਨੂੰ ਸਮੇਂ ਸਿਰ ਵੀਜ਼ਾ ਲਾ ਮਿਲਣ ਕਰਕੇ ਅਸਮਰਥ ਹਨ। ਜਿਸ ਕਰਕੇ ਕੈਨੇਡਾ ਰਹਿੰਦੇ ਬੱਚੇ ਅਤੇ ਪੰਜਾਬ ਰਹਿੰਦੇ ਮਾਪੇ ਪਰੇਸ਼ਾਨੀਆਂ ਦੇ ਦੌਰ ਵਿੱਚੋਂ ਨਿਕਲ ਰਹੇ ਹਨ। ਇਸ ਸਮੱਸਿਆ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਸ਼੍ਰੀ ਸੈਣੀ ਨੇ ਹਮਦਰਦੀ ਕਰਦਿਆਂ ਇਹ ਮਾਮਲਾ ਜਲਦੀ ਭਾਰਤ ਸਰਕਾਰ ਦੇ ਕੋਲ ਚੁੱਕਣ ਦਾ ਵਾਅਦਾ ਕੀਤਾ। ਇਸ ਸਬੰਧੀ ਉਹਨਾਂ ਨੇ ਇੱਕ ਪੱਤਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਵੀ ਲਿਖਣ ਬਾਰੇ ਕਿਹਾ।
ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਮਹਿੰਦਰ ਸਿੰਘ ਇੰਸਪੈਕਟਰ ਰਿਟਾਇਰਡ ਨੇ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਸੈਣੀ ਨੇ ਵਫ਼ਦ ਦੇ ਨੁਮਾਇੰਦਿਆਂ ਨੂੰ ਇਹ ਭਰੋਸਾ ਦਿਵਾਇਆ ਕਿ ਜੇਕਰ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਤਾਂ ਸਰਕਾਰ ਬਣਦੇ ਹੀ ਨੌਕਰੀ ਕਰ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਤੇ ਸੰਬੰਧਿਤ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੀਆ। ਵਫਦ ਦੇ ਵਿੱਚ ਐਸੋਸੀਏਸ਼ਨ ਨਾਲ ਸੰਬੰਧਿਤ ਪ੍ਰਮੁੱਖ ਆਗੂ ਆਰ ਸਿੰਘ ਐਸਪੀ ਰਿਟਾ., ਜੀ.ਪੀ ਸਿੰਘ ਡੀਐਸਪੀ ਰਿਟਾ. , ਪਰਮਜੀਤ ਸਿੰਘ ਮਲਕਪੁਰ ਮੀਤ ਪ੍ਰਧਾਨ ਪੰਜਾਬ ਯੂਨਿਟ, ਦਲਜੀਤ ਸਿੰਘ ਕੈਲੋ, ਜ਼ਿਲ੍ਹਾ ਜਰਨਲ ਸਕੱਤਰ ਮੋਹਾਲੀ, ਰਤਨ ਸਿੰਘ ਜੀਰਕਪੁਰ ਅਤੇ ਜਸਵੰਤ ਸਿੰਘ ਸਾਰੇ ਰਿਟਾਇਰਡ ਇੰਸਪੈਕਟਰ ਆਦਿ ਹਾਜ਼ਰ ਸਨ।