ਕਣਕ ਦਾ ਨਾੜ ਸਾੜਨ ਵਾਲੇ ਕਿਸਾਨਾਂ ਪ੍ਰਤੀ ਜ਼ਿਲ੍ਹਾ ਪ੍ਰਸ਼ਾਸ਼ਨ ਸਖ਼ਤ 

ਰੂਪਨਗਰ, 12 ਮਈ (ਖ਼ਬਰ ਖਾਸ  ਬਿਊਰੋ)
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਵਿੱਚ ਸੰਬੰਧਤ ਉਪ ਮੰਡਲ ਮੈਜਿਸਟਰੇਟਾਂ ਵੱਲੋਂ ਬਣਾਈਆਂ ਗਈਆਂ ਟੀਮਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਰਮਚਾਰੀਆਂ ਵੱਲੋਂ ਇਲਾਕੇ ਦਾ ਦੌਰਾ ਕੀਤਾ ਜਾ ਰਿਹਾ ਹੈ।
ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਵਿਨੈ ਕੁਮਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਆਪਣੇ ਖੇਤਾਂ ਵਿਚਲਾ ਕਣਕ ਦਾ ਨਾੜ ਨਾ ਸਾੜਨ ਸਗੋਂ ਇਸ ਨੂੰ ਆਪਣੇ ਖੇਤਾਂ ਵਿੱਚ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਤਾਂ ਜੋ ਉਹਨਾਂ ਦੀ ਫ਼ਸਲ ਦੀ ਪੈਦਾਵਾਰ ਵਧੇ ਅਤੇ ਖਾਦਾਂ ਦਾ ਖ਼ਰਚਾ ਘਟੇ।
ਉਨ੍ਹਾਂ ਕਿਹਾ ਕਿ ਨਾੜ ਸਾੜ ਕੇ ਜਿੱਥੇ ਕਿਸਾਨ ਆਪਣੀ ਜਮੀਨ ਦੀ ਸਿਹਤ ਵਿਗਾੜ ਰਹੇ ਹਨ, ਉਥੇ ਨਾਲ ਹੀ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਤੇਜ ਹਵਾਵਾਂ ਚੱਲਣ ਕਾਰਨ ਇਹ ਅੱਗ ਬੇਕਾਬੂ ਹੋ ਕੇ ਜਾਨੀ ਮਾਲੀ ਨੁਕਸਾਨ ਵੀ ਕਰ ਸਕਦਾ ਹੈ। ਇਸ ਦੇ ਨਾਲ ਹੀ ਖੇਤਾਂ ਵਿਚਲੇ ਅਤੇ ਸੜਕਾਂ ਕੰਢੇ ਲੱਗੇ ਰੁੱਖ ਬੂਟੇ ਅਤੇ ਕਈ ਤਰ੍ਹਾਂ ਦੇ ਜੀਵ ਜੰਤੂ, ਪੰਛੀ ਅਤੇ ਜਾਨਵਰ ਇਸ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਜਾਂਦੇ ਹਨ।
ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਹੋਰ ਪੜ੍ਹੋ 👉  ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਚੱਲ ਰਹੇ ਖੇਤਰੀ ਕਬੱਡੀ ਟੂਰਨਾਮੈਂਟ (ਲੜਕੀਆਂ) ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ 

Leave a Reply

Your email address will not be published. Required fields are marked *