ਸਦਾਬਰਤ ਨੇਚਰ ਟਰੇਲ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਵੱਲ ਇੱਕ ਮਹੱਤਵਪੂਰਣ ਕਦਮ – ਚੱਢਾ

ਰੂਪਨਗਰ, 6 ਅਪ੍ਰੈਲ (ਖ਼ਬਰ ਖਾਸ ਬਿਊਰੋ)
ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਅੱਜ ਸਦਾਬਰਤ ਨੇਚਰ ਟਰੇਲ ਰੋਪੜ ਨੂੰ ਰਸਮੀ ਤੌਰ ‘ਤੇ ਲੋਕ ਅਰਪਿਤ ਕੀਤਾ ਗਿਆ।
ਇਸ ਮੌਕੇ ਐੱਸਐੱਸਪੀ ਰੂਪਨਗਰ ਸ. ਮਨਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮਿਸ ਚੰਦਰਜਯੋਤੀ ਸਿੰਘ ਤੋਂ ਇਲਾਵਾ ਇਲਾਕੇ ਦੇ ਪ੍ਰਮੁੱਖ ਵਿਅਕਤੀ, ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਮੌਜੂਦ ਰਹੇ। ਸਮਾਗਮ ਦੌਰਾਨ ਸਾਰੇ ਮਹਿਮਾਨਾਂ ਵੱਲੋਂ ਯਾਦਗਾਰੀ ਬੂਟੇ ਵੀ ਲਗਾਏ ਗਏ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਸਦਾਬਰਤ ਨੇਚਰ ਟਰੇਲ ਦਾ ਵਿਕਾਸ ਇਲਾਕੇ ਵਿੱਚ ਵਾਤਾਵਰਣ ਸੁਰੱਖਿਆ ਅਤੇ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਵੱਲ ਇੱਕ ਮਹੱਤਵਪੂਰਣ ਕਦਮ ਹੈ। ਉਨ੍ਹਾਂ ਕਿਹਾ ਕਿ 77 ਏਕੜ ਵਿੱਚ ਫੈਲਿਆ ਇਹ ਨੇਚਰ ਟਰੇਲ ਲੋਕਾਂ ਲਈ ਕੁਦਰਤ ਨਾਲ ਜੁੜਨ ਦਾ ਇਕ ਵਧੀਆ ਮਾਧਿਅਮ ਸਾਬਤ ਹੋਵੇਗਾ ਅਤੇ ਇਹ ਥਾਂ ਸ਼ਹਿਰ ਦੇ ਲੋਕਾਂ ਲਈ ਇੱਕ ਆਕਰਸ਼ਕ ਕੇਂਦਰ ਬਣੇਗੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਜੰਗਲ ਵਾਕ ਲਈ ਖਾਸ ਪੈਦਲ ਰਾਹ ਤਿਆਰ ਕੀਤੇ ਗਏ ਹਨ, ਜਿੱਥੇ ਲੋਕ ਸਵੇਰੇ-ਸ਼ਾਮ ਤਾਜ਼ਾ ਹਵਾ ਵਿੱਚ ਟਹਿਲ ਸਕਣਗੇ। ਇਸ ਦੇ ਨਾਲ ਹੀ ਓਪਨ ਜਿੰਮ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਨੌਜਵਾਨਾਂ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਆਪਣੇ ਸਿਹਤ ਦੀ ਦੇਖਭਾਲ ਲਈ ਬਿਹਤਰ ਮੌਕੇ ਮਿਲਣਗੇ। ਬੱਚਿਆਂ ਲਈ ਵਿਸ਼ੇਸ਼ ਤੌਰ ‘ਤੇ ਖੇਡਾਂ ਦੇ ਸਾਧਨ ਸਥਾਪਿਤ ਕੀਤੇ ਗਏ ਹਨ ਤਾਂ ਜੋ ਉਹ ਸੁਰੱਖਿਅਤ ਅਤੇ ਸੁਹਾਵਣੇ ਮਾਹੌਲ ਵਿੱਚ ਮਨੋਰੰਜਨ ਕਰ ਸਕਣ।
ਐਡਵੋਕੇਟ ਚੱਢਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਟਰਫਲਾਈ ਗਾਰਡਨ ਅਤੇ ਹਰਬਲ ਗਾਰਡਨ ਵੀ ਤਿਆਰ ਕੀਤੇ ਗਏ ਹਨ, ਜੋ ਨਾ ਸਿਰਫ਼ ਕੁਦਰਤ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ, ਸਗੋਂ ਸਿੱਖਿਆਤਮਕ ਪੱਖੋਂ ਵੀ ਮਹੱਤਵਪੂਰਣ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਨੇਚਰ ਟਰੇਲ ਨੂੰ ਹੋਰ ਵੀ ਸੁਧਾਰਿਆ ਅਤੇ ਵਿਕਸਿਤ ਕੀਤਾ ਜਾਵੇਗਾ।
ਇਸ ਮੌਕੇ ਐੱਸਐੱਸਪੀ ਰੂਪਨਗਰ ਸ. ਮਨਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਗਲਤ ਗਤੀਵਿਧੀਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਲੋਕ ਆਪਣੇ ਖਾਲੀ ਸਮੇਂ ਦਾ ਸਦਉਪਯੋਗ ਇਸ ਤਰ੍ਹਾਂ ਦੇ ਸਿਹਤਮੰਦ ਮਾਹੌਲ ਵਿੱਚ ਕਰਨਗੇ ਤਾਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਆਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਚਰ ਟਰੇਲ ਦਾ ਪੂਰਾ ਲਾਭ ਲੈਣ ਅਤੇ ਇਸਦੀ ਸੁਰੱਖਿਆ ਅਤੇ ਸਫ਼ਾਈ ਵਿੱਚ ਭਾਗੀਦਾਰੀ ਨਿਭਾਉਣ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮਿਸ ਚੰਦਰਜਯੋਤੀ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਦਾਬਰਤ ਨੇਚਰ ਟਰੇਲ ਨਾ ਸਿਰਫ਼ ਮਨੋਰੰਜਨ ਦਾ ਕੇਂਦਰ ਹੈ, ਸਗੋਂ ਇਹ ਸਿੱਖਿਆਤਮਕ ਅਤੇ ਸਿਹਤਮੰਦ ਗਤੀਵਿਧੀਆਂ ਲਈ ਵੀ ਇਕ ਵਧੀਆ ਪਲੇਟਫਾਰਮ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ।
ਇਸ ਲੋਕ ਅਰਪਣ ਸਮਾਗਮ ਦੌਰਾਨ ਇਲਾਕਾ ਵਾਸੀਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਸਾਰੇ ਮਹਿਮਾਨਾਂ ਨੇ ਨੇਚਰ ਟਰੇਲ ਦਾ ਦੌਰਾ ਕਰਦੇ ਹੋਏ ਉੱਥੇ ਕੀਤੀਆਂ ਗਈਆਂ ਵਿਵਸਥਾਵਾਂ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ।
ਇਸ ਮੌਕੇ ਐੱਸਪੀ ਸ਼੍ਰੀ ਅਰਵਿੰਦ ਮੀਨਾ, ਜ਼ਿਲ੍ਹਾ ਵਣ ਅਫ਼ਸਰ ਕੰਵਰਦੀਪ ਸਿੰਘ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਤਿੰਦਰ ਕੌਰ, ਚੇਅਰਮੈਨ ਬਲਾਕ ਸੰਮਤੀ ਰੂਪਨਗਰ ਮਲਕੀਤ ਸਿੰਘ ਭੰਗੂ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਭਾਗ ਸਿੰਘ ਮਦਾਨ, ਐਮਸੀ ਰਾਜੂ ਸਤਿਆਲ, ਮੁਲਾਜ਼ਮ ਆਗੂ ਬਨਵਾਰੀ ਲਾਲ ਮੱਟੂ, ਸੰਦੀਪ ਜੋਸ਼ੀ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਹੋਰ ਪੜ੍ਹੋ 👉  ਕਿਲੋਮੀਟਰ ਸਕੀਮ ਤਹਿਤ PRTC ਦੀਆਂ 250 ਨਵੀਆਂ ਬੱਸਾਂ ਦੌੜਨ ਲਈ ਤਿਆਰ, ਮੁੱਖ ਮੰਤਰੀ ਨੇ ਦਿਖਾਈ ਹਰੀ ਝੰਡੀ

Leave a Reply

Your email address will not be published. Required fields are marked *