ਚੰਡੀਗੜ੍ਹ 4 ਅਪ੍ਰੈਲ (ਖ਼ਬਰ ਖਾਸ ਬਿਊਰੋ)
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 28-ਏ ਵੱਲੋਂ ਮਿਤੀ 4 ਅਪ੍ਰੈਲ (ਦਿਨ ਸ਼ਨੀਵਾਰ) ਨੂੰ “ਸ਼ਬਦ ਗੁਰੂ ਦਾ ਅਦਬ ਅਤੇ ਪ੍ਰਸਤਾਵਿਤ ਬੇਅਦਬੀ ਐਕਟ” ਵਿਸ਼ੇ ‘ਤੇ ਇੱਕ ਅਹਿਮ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਵਿੱਚ ਪੰਥਕ ਵਿਦਵਾਨ, ਕਾਨੂੰਨਦਾਨ ਅਤੇ ਬੁੱਧੀਜੀਵੀ ਹਿੱਸਾ ਲੈ ਕੇ ‘ਸ਼ਬਦ ਗੁਰੂ’ ਦੀ ਰੂਹਾਨੀ ਮਰਯਾਦਾ ਅਤੇ ਇਸ ਨੂੰ ਮਿਲਣ ਵਾਲੀ ਸੰਵਿਧਾਨਕ ਸੁਰੱਖਿਆ ਦੇ ਨੁਕਤਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਗੁਰੂ ਦਾ ਸਰੂਪ ਹਨ। ਪਿਛਲੇ ਸਮੇਂ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਜਗਤ ਨੂੰ ਡੂੰਘੀ ਪੀੜ ਦਿੱਤੀ ਹੈ। ਅਜਿਹੇ ਵਿੱਚ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਦੋਸ਼ੀਆਂ ਲਈ ‘ਉਮਰ ਕੈਦ’ ਵਰਗੀ ਸਖ਼ਤ ਸਜ਼ਾ ਦੀ ਤਜਵੀਜ਼ (ਬੇਅਦਬੀ ਐਕਟ) ਲਿਆਂਦੀ ਗਈ ਹੈ, ਜਿਸ ਦੇ ਕਾਨੂੰਨੀ ਅਤੇ ਸੰਵਿਧਾਨਕ ਪੱਖਾਂ ਨੂੰ ਸਮਝਣਾ ਅਤਿ ਜ਼ਰੂਰੀ ਹੈ। ਪੰਥਕ ਤਾਲ-ਮੇਲ ਦੇ ਮੁੱਖੀ ਗਿਆਨੀ ਕੇਵਲ ਸਿੰਘ ਨੇ ਸ਼ਬਦ ਗੁਰੂ ਦਾ ਅਦਬ: ਗੁਰੂ ਸਾਹਿਬ ਦੀ ਸਰਵਉੱਚਤਾ ਅਤੇ ਮੌਜੂਦਾ ਸਤਿਕਾਰ ਪ੍ਰਣਾਲੀ ਦੀਆਂ ਚੁਣੌਤੀਆਂ ਬਾਰੇ ਜਾਣਕਾਰੀ ਦਿਤੀ।
ਸੀਨੀਅਰ ਪਤੱਰਕਾਰ ਜਸਪਾਲ ਸਿੰਘ ਸਿਧੂ ਨੇ ਬੇਅਦਬੀ ਐਕਟ ਦਾ ਵਿਸ਼ਲੇਸ਼ਣ ਕਰਦਿਆਂ ਉਮਰ ਕੈਦ ਵਰਗੀ ਸਜ਼ਾ ਦੇ ਸਮਾਜਿਕ ਪ੍ਰਭਾਵ ਅਤੇ ਕਾਨੂੰਨ ਦੀ ਦੁਰਵਰਤੋਂ ਦੇ ਖ਼ਦਸਿਆਂ ਤੋਂ ਜਾਣੂ ਕਰਵਾਇਆ। ਡਾ ਪਿਆਰਾ ਲਾਲ ਗਰਗ ਨੇ ਸੰਵਿਧਾਨਕ ਅੜਚਨਾਂ ਭਾਰਤੀ ਸੰਵਿਧਾਨ ਦੀ ਧਾਰਾ 14 (ਬਰਾਬਰਤਾ ਦਾ ਅਧਿਕਾਰ) ਅਤੇ ਧਰਮ ਨਿਰਪੱਖਤਾ ਦੇ ਚੌਖਟੇ ਵਿੱਚ ਇਸ ਕਾਨੂੰਨ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲਣ ਵਿੱਚ ਆ ਰਹੀਆਂ ਰੁਕਾਵਟਾਂ ਬਾਰੇ ਦਸਿਆ। ਗੁਰਤੇਜ ਸਿੰਘ ਨੇ ਪੰਥਕ ਰਣਨੀਤੀ ਬਰਗਾੜੀ ਕਾਂਡ ਵਰਗੇ ਕੇਸਾਂ ਵਿੱਚ ਇਨਸਾਫ਼ ਦੀ ਸਥਿਤੀ ਅਤੇ ਡਿਜੀਟਲ ਯੁੱਗ ਵਿੱਚ ‘ਸ਼ਬਦ’ ਦੀ ਬੇਅਦਬੀ ਨੂੰ ਰੋਕਣ ਲਈ ਯੋਜਨਾਬੰਦੀ ਵਿਚਾਰ ਪੇਸ਼ ਕੀਤੇ ।
ਹਮੀਰ ਸਿੰਘ ਨੇ ਕਿਹਾ ਕਿ ਇਸ ਗੋਸ਼ਟੀ ਦਾ ਮੁੱਖ ਉਦੇਸ਼ ਇੱਕ ਅਜਿਹਾ ਮਸੌਦਾ ਤਿਆਰ ਕਰਨਾ ਹੈ ਜੋ ਸਰਕਾਰ ਨੂੰ ਕਾਨੂੰਨੀ ਸੁਧਾਰਾਂ ਲਈ ਸਾਰਥਕ ਸੁਝਾਅ ਦੇ ਸਕੇ। ਉਨ੍ਹਾਂ ਅਪੀਲ ਕੀਤੀ ਕਿ ਸਮੂਹ ਪੰਥਕ ਦਰਦੀ ਅਤੇ ਵਿਦਵਾਨ ਇਸ ਗੋਸ਼ਟੀ ਵਿੱਚ ਪਹੁੰਚ ਕੇ ਆਪਣੇ ਕੀਮਤੀ ਵਿਚਾਰਪੇਸ਼ ਕੀਤੇ ਹਨ। ਪ੍ਰੋਫੈਸਰ ਸ਼ਾਮ ਨੇ ਸਰਬਤ ਖਾਲਸਾ ਜਥੇਬੰਦੀ ਦਾ ਬੇਅਦਬੀ ਐਕਟ ਬਾਰੇ ਲਿਖਤੀ ਪੱਤਰ ਪੜ੍ਹਕੇ ਸੁਣਿਆ। ਸਮਾਣਾ ਮੋਰਚੇ ਦੇ ਬੁਲਾਰੇ ਤਲਵਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਪਸਤਾਵਤ ਖਰੜੇ ਦੀ ਵਕਾਲਤ ਕਰਦਿਆ ਸਾਰੀਆਂ ਪੰਥਕ ਸੰਸਥਾਵਾਂ ਨੂੰ ਹਮਾਇਤ ਕਰਨ ਲਈ ਕਿਹਾ। ਖ਼ੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਬੇਅਦਬੀ ਐਕਟ ਵਿਚ ਸਜਾ ਦੇ ਵਾਧੇ ਵਿਚ ਤਕਨੀਕੀ ਚਣੌਤੀਆਂ ਬਾਰੇ ਵਿਸਥਾਰਤ ਜਾਣਕਾਰੀ ਦਿਤੀ। ਇਸ ਵਿਚਾਰ ਗੋਸਟਿ ਵਿਚ ਸੀਨੀਅਰ ਵਕੀਲ ਨਵਕਿਰਨ ਸਿੰਘ, ਅਤਿੰਦਰਪਾਲ ਸਿੰਘ ਸਾਬਕਾ ਮੈਂਬਰ ਲੋਕ ਸਭਾ,ਯੁਨਾਇਡ ਸਿੱਖਸ ਦੇ ਗੁਰਪ੍ਰੀਤ ਸਿੰਘ, ਭਾਈ ਈਛਰ ਸਿੰਘ ਹੈਦਰਾਬਾਦ,ਡਾ ਗੁਰਚਰਨ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਪਨਵਾਂ, ਗਿਆਨੀ ਜਗਤਾਰ ਸਿੰਘ ਜਾਚਕ, ਭਾਈ ਤਰਸੇਮ ਸਿੰਘ ਸੋਨੀਪਤ ਆਦਿ ਸ਼ਾਮਲ ਹੋਏ।