ਅਸੀਂ ’ਸੇਵਾ’ ਵਾਸਤੇ ਵਚਨਬੱਧ ਪਰ ਦਿੱਲੀ ਦੀਆਂ ਪਾਰਟੀਆਂ ਸਿਰਫ ਸੱਤਾ ਦਾ ਸੁੱਖ ਭੋਗਣ ਤੇ ਲੁੱਟ ਵਾਸਤੇ ਆਉਂਦੀਆਂ ਹਨ: ਬਾਦਲ

ਭਦੌੜ 15 ਮਾਰਚ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਮੁਕਾਬਲਾ ਹੁਣ ਸਪਸ਼ਟ ਹੋ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀਆਂ ਤਾਕਤਾਂ ਦੇ ਖਿਲਾਫ ਡੱਟ ਗਿਆ ਹੈ ਭਾਵੇਂ ਉਹ ਕਾਂਗਰਸ, ਆਮ ਆਦਮੀ ਪਾਰਟੀ ਜਾਂ ਭਾਜਪਾ ਹੋਵੇ। ਉਹਨਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਪੰਜਾਬ ’ਤੇ ਰਾਜ ਕਰਨ ਤੇ ਲੁੱਟ ਕਰਨ ਵਾਸਤੇ ਆਉਂਦੀਆਂ ਹਨ ਜਦੋਂ ਕਿ ਅਕਾਲੀ ਦਲ ਹਮੇਸ਼ਾ ਪੰਜਾਬੀਆਂ ਦੀ ਸੇਵਾ ਵਾਸਤੇ ਵਚਨਬੱਧ ਹੈ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਇਥੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ, ਨੇ ਮੀਂਹ ਦੇ ਬਾਵਜੂਦ ਡਟੇ ਰਹਿਣ ਲਈ ਅਕਾਲੀ ਵਰਕਰਾਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਪਾਰਟੀ ਪ੍ਰਤੀ ਇਹ ਉਤਸ਼ਾਹ ਤੇ ਸਮਰਪਣ ਸਾਬਤ ਕਰਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਅਕਾਲੀ ਦਲ ਵਾਸਤੇ ਕੋਈ ਮੁਕਾਬਲਾ ਨਹੀਂ ਹੈ। ਉਹਨਾਂ ਨੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਜਿਹਨਾਂ ਨੇ ਰੈਲੀ ਨੂੰ ਸਫਲ ਬਣਾਇਆ।

ਪੰਜਾਬ ਦੇ ਲੋਕਾਂ ਨੂੰ ਹੋਰ ਤਜ਼ਰਬੇ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹਮੇਸ਼ਾ ਤੁਹਾਡੇ ਚੰਗੇ ਮਾੜੇ ਸਮੇਂ ਵਿਚ ਤੁਹਾਡੇ ਨਾਲ ਖੜ੍ਹਾ ਹੁੰਦਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਹੁਣ ਤੱਕ ਹੋਇਆ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਹੀ ਕਰਵਾਇਆ ਹੈ ਭਾਵੇਂ ਉਹ ਚਾਰ ਮਾਰਗੀ ਸੜਕਾਂ ਹੋਣ, ਸਿੰਜਾਈ ਸਹੂਲਤਾਂ ਹੋਣ, ਥਰਮਲ ਪਲਾਂਟ ਹੋਣ, ਹਵਾਈ ਅੱਡੇ ਹੋਣ, ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਦੀ ਗੱਲ ਹੋਵੇ ਜਾਂ ਫਿਰ ਆਟਾ ਦਾਲ, ਸ਼ਗਨ ਜਾਂ ਬੁਢਾਪਾ ਪੈਨਸ਼ਨ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਹੋਣ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਕਿਸੇ ਵੀ ਇਕ ਪ੍ਰਾਪਤੀ ਦਾ ਜ਼ਿਕਰ ਨਹੀਂ ਕਰ ਸਕਦੇ।

ਹੋਰ ਪੜ੍ਹੋ 👉  ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ,ਅਬੋਹਰ ਦੀ ਦੁਰਗਯਾਨਾ ਮਾਰਕਿਟ ਵਿੱਚ ਵਪਾਰੀਆਂ ਨਾਲ ਇੱਕ ਮੀਟਿੰਗ

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਪੰਜਾਬ ਨੇ ਸੰਤਾਪ ਹੰਢਾਇਆ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਨੇ ਸੂਬੇ ਅਤੇ ਸਰੋਤਾਂ ਦੀ ਲੁੱਟ ਕੀਤੀ ਹੈ ਤੇ ਇਸਨੂੰ ਕੰਗਾਲ ਕੀਤਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਸਾਰੇ ਦਾ ਹਿਸਾਬ ਕਿਤਾਬ ਲਵੇਗਾ। ਉਹਨਾਂ ਕਿਹਾ ਕਿ ਅਸੀਂ 2027 ਵਿਚ ਸਰਦਾਰ ਬਣਨ ’ਤੇ ਕਾਂਗਰਸੀਆਂ ਤੇ ਆਪ ਦੇ ਭ੍ਰਿਸ਼ਟ ਆਗੂਆਂ ਦੇ ਖਿਲਾਫ ਕਾਰਵਾਈ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਉਹਨਾਂ ਵੱਲੋਂ ਲੁੱਟੇ ਇਕ-ਇਕ ਰੁਪਏ ਨੂੰ ਵਾਪਸ ਭਰਾਵਾਂਗੇ।

ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਆਪ ਸਰਕਾਰ ਵੱਲੋਂ ਦਰਜ ਕੀਤੇ ਝੂਠੇ ਕੇਸਾਂ ਦੀ ਸਮੀਖਿਆ ਵਾਸਤੇ ਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਪ ਆਗੂਆਂ ਦੇ ਨਾਲ-ਨਾਲ ਬੇਦੋਸ਼ੇ ਲੋਕਾਂ ਦੇ ਖਿਲਾਫ ਇਹ ਝੂਠੇ ਕੇਸ ਦਰਜ ਕਰਨ ਵਾਸਤੇ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਬਾਅਦ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਇਨਵੈਸਟ ਪੰਜਾਬ ਸੰਮੇਲਨ ਅਸਲ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਚਾਰ ਸਾਲਾਂ ਵਿਚ ਕੱਖ ਵੀ ਨਹੀਂ ਕੀਤਾ ਤੇ ਹੁਣ ਆਪਣੇ ਕਾਰਜਕਾਲ ਦੇ ਅਖੀਰਲੇ ਸਮੇਂ ਵਿਚ ਉਹ ਵੋਟਰਾਂ ਨੂੰ ਮੂਰਖ ਬਣਾਉਣ ਵਾਸਤੇ ਇਕ ਪ੍ਰਾਪੇਗੰਡਾ ਮੁਹਿੰਮ ਚਲਾ ਰਹੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੂੰ ਇਸ ਮੌਕੇ ਅਕਾਲੀ ਦਲ ਦਾ ਸਨਮਾਨ ਕਰਨਾ ਚਾਹੀਦਾ ਸੀ ਕਿਉਂਕਿ ਇਸ ਮੌਕੇ ਨਿਵੇਸ਼ਕਾਂ ਨੂੰ ਵਿਖਾਉਣ ਵਾਸਤੇ ਪ੍ਰਾਪਤੀਆਂ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਈਆਂ ਸਨ।

ਹੋਰ ਪੜ੍ਹੋ 👉  ਮੋਹਾਲੀ ਨੂੰ ਟਾਇਰ-1 ਆਈਟੀ ਹੱਬ ਵਜੋਂ ਵਿਕਸਿਤ ਕਰਨਾ ਸਰਕਾਰ ਦਾ ਮੰਤਵ: ਸੀਮਾ ਬਾਂਸਲ

ਸਰਦਾਰ ਬਾਦਲ ਨੇ ਪੰਜਾਬ ਲਈ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਦਿਆਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਹਰ ਜ਼ਿਲ੍ਹੇ ਵਿਚ ਮੈਡੀਕਲ ਤੇ ਵੈਟਨਰੀ ਕਾਲਜ ਸਥਾਪਿਤ ਕਰੇਗੀ ਅਤੇ ਇਹਨਾਂ ਵਿਚ 50 ਫੀਸਦੀ ਸੀਟਾਂ ਗਰੀਬ ਮੈਰੀਟੋਰੀਅਸ ਵਿਦਿਆਰਥੀਆਂ ਲਈ ਰਾਖਵੀਂਆਂ ਕੀਤੀਆਂ ਜਾਣਗੀਆਂ ਜਿਹਨਾਂ ਦੀ ਫੀਸ ਸਰਕਾਰ ਅਦਾ ਕਰੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸੂਬੇ ਵਿਚੋਂ ਗੈਂਗਸਟਰਵਾਦ ਅਤੇ ਨਸ਼ਾ ਮਾਫੀਆ ਖਤਮ ਕਰੇਗਾ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਲਿਆਵਾਂਗੇ ਜਿਸ ਤਹਿਤ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਜ਼ਮਾਨਤਾਂ ਨਹੀਂ ਮਿਲਣਗੀਆਂ ਅਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ।

ਸਰਦਾਰ ਬਾਦਲ ਨੇ ਅਗਲੀ ਅਕਾਲੀ ਸਰਕਾਰ ਦੀ ਇਕ ਹੋਰ ਤਰਜੀਹ ਬਾਰੇ ਦੱਸਿਆ ਕਿ ਉਹ ਉਦਯੋਗਿਕ ਤੇ ਸੀਵਰੇਜ ਦਾ ਇਕ ਬੂੰਦ ਪਾਣੀ ਵੀ ਸਤਲੁਜ ਤੇ ਬਿਆਸ ਦਰ‌ਿਆਵਾਂ ਵਿਚ ਨਹੀਂ ਜਾਣ ਦੇਣਗੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਅਜਿਹਾ ਕਰਨਾ ਮਾਲਵਾ ਪੱਟੀ ਵਿਚ ਕੈਂਸਰ ਨਾਲ ਨਜਿੱਠਣ ਵਾਸਤੇ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਰਾਜਸਥਾਨ ਨਹਿਰ ਰਾਹੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਵੇਗਾ ਅਤੇ ਕਾਂਗਰਸ ਪਾਰਟੀ ਹੀ ਪੰਜਾਬ ਦਾ ਪਾਣੀ ਰਾਜਸਥਾਨ ਨੁੰ ਦੇਣ ਵਾਸਤੇ ਜ਼ਿੰਮੇਵਾਰ ਹੈ ਪਰ ਅਕਾਲੀ ਦਲ ਇਸ ਇਤਿਹਾਸ ਗਲਤੀ ਨੂੰ ਦਰੁੱਸਤ ਕਰੇਗਾ।

ਹੋਰ ਪੜ੍ਹੋ 👉  ਕਾਂਸ਼ੀ ਰਾਮ ਦੇ ਜ੍ੱਦੀ ਪਿੰਡ  ਖੁਆਸਪੁਰਾ ਵਿਖੇ ਲਾਇਬ੍ਰੇਰੀ ਬਣਾਉਣ ਤੇ ਕਮਿਊਨਟੀ ਹਾਲ ਦੇ ਨਵੀਨੀਕਰਣ ਦਾ ਐਲਾਨ

ਉਹਨਾਂ ਕਿਹਾ ਕਿ ਅਸੀਂ ਰਾਜਸਥਾਨ ਨਹਿਰ ਦਾ ਪਾਣੀ ਪੰਜਾਬ ਦੇ ਖੇਤਾਂ ਵੱਲ ਲਿਆਵਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ਵਿਚ ਜਿਹੜੇ ਵਪਾਰੀਆਂ ਨੂੰ ਟੈਕਸ ਅਤਿਵਾਦ ਦਾ ਸਾਹਮਣਾ ਕਰਨਾ ਪਿਆ ਹੈ, ਉਹਨਾਂ ਵਾਸਤੇ ’ਰਾਹਤ’ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਕਰਜ਼ਾ ਦਿੱਤਾ ਜਾਵੇਗਾ ਅਤੇ ਆਟਾ ਦਾਲ ਸਕੀਮ ਦਾ ਵਿਸਥਾਰ ਕੀਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ 1 ਲੱਖ ਰੁਪਏ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ ਤੇ ਦਿਨ ਵੇਲੇ 12 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਇਸ ਮੌਕੇ ਸਰਦਾਰ ਬਿਕਰਮ ਸਿੰਘ ਮਜੀਠੀਆ, ਸੰਤ ਬਲਬੀਰ ਸਿੰਘ ਘੁੰਨਸ, ਅਰਵਿੰਦ ਖੰਨਾ, ਕੁਲਵੰਤ ਸਿੰਘ ਕੀਤੂ, ਤੇਜਿੰਦਰ ਸਿੰਘ ਮਿੱਡੂਖੇੜਾ, ਐਸ ਓ ਆਈ ਦੇ ਪ੍ਰਧਾਨ ਰਣੀਬੀਰ ਸਿੰਘ, ਬਿਅੰਤ ਕੌਰ ਖਹਿਰਾ ਅਤੇ ਬਾਬਾ ਬੂਟਾ ਸਿੰਘ ਗੁੜਥੱਡੀ ਨੇ ਵੀ ਹਾਜ਼ਰੀ ਭਰੀ।

Leave a Reply

Your email address will not be published. Required fields are marked *