ਚੰਡੀਗੜ੍ਹ 15 ਮਾਰਚ (ਖ਼ਬਰ ਖਾਸ ਬਿਊਰੋ)
ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਸੈਕਟਰ 44ਸੀ ਚੰਡੀਗੜ੍ਹ ਵਲੋਂ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ‘ਗੌਰਵਮਈ ਦਿਵਸ’ ਮਨਾਇਆ ਗਿਆ ਤੇ ਬੁਲਾਰਿਆ ਨੇ ਮੰਗ ਕੀਤੀ ਕਿ ਸ਼ਹੀਦ ਨਾਲ ਸਬੰਧਤ ਨਿਸ਼ਾਨੀਆਂ ਜੋ ਇੰਗਲੈਂਡ ਵਿਚ ਹਨ,ਨੂੰ ਵਾਪਸ ਲਿਆਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਫੌਰੀ ਯਤਨ ਕਰਨ। ਇਸ ਮੌਕੇ ਚੰਡੀਗੜ੍ਹ ਨਗਰ-ਨਿਗਮ ਦੇ ਮੇਅਰ ਸੌਰਭ ਜੋਸ਼ੀ ਵਿਸੇਸ਼ ਤੌਰ ਤੇ ਸਮਾਗਮ ਵਿੱਚ ਪਹੁੰਚੇ। ਭਵਨ ਦੀ ਚੇਅਰਮੈਨ ਸੁਖਬੀਰ ਕੌਰ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਿਰਕਤ ਕੀਤੀ।
ਬੁਲਾਰਿਆ ਨੇ ਬਰਤਾਨਵੀ ਹਾਕਮਾਂ ਵਲੋਂ ਜਲਿਆਵਾਲਾ ਬਾਗ ਵਿੱਚ ਕੀਤੇ ਗਏ ਕਤਲੇਆਮ ਦੀ ਗਲ ਕਰਦਿਆ ਕਿਹਾ ਕਿ ਸ਼ਹੀਦ ਨੇ ਇਕੀ ਸਾਲ ਬਾਅਦ ਬਦਲਾ ਲੈ ਕੇ ਦੇਸ਼ ਦਾ ਮਾਣ ਸਨਮਾਨ ਵਧਾਇਆ । ਇਸ ਨਾਲ ਆਜਾਦੀ ਦੀ ਲਹਿਰ ਨੂੰ ਵਡਾ ਹੁਲਾਰਾ ਮਿਲਿਆ ਸੀ।
ਸੀਨੀਅਰ ਪਤਰਕਾਰ ਜਸਪਾਲ ਸਿੰਘ ਸਿੱਧੂ ਨੇ ਸ਼ਹੀਦ ਨੂੰ ਸਰਧਾਂਜਲੀ ਭੇਟ ਕਰਦਿਆ ਕਿਹਾ ਕਿ ਸ਼ਹੀਦ ਊਧਮ ਸਿੰਘ ਉਨਾਂ ਲਾਸਾਨੀ ਸ਼ਹੀਦਾਂ ਦੀ ਕਤਾਰ ਵਿੱਚ ਹੈ ਜਿਨਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ,ਸ਼ਹੀਦ ਭਗਤ ਸਿੰਘ ਦਾ ਨਾਂ ਆਉਂਦਾ ਹੈ। ਉਸ ਮੌਕੇ ਇਕ ਪਾਸੇ ਉਹ ਲੋਕ ਸਨ ਜੋ ਦੇਸ਼ ਦੀ ਆਜਾਦੀ ਖਾਤਰ ਕੁਰਬਾਨੀਆਂ ਦੇ ਰਹੇ ਸਨ ਤੇ ਦੂਸਰੇ ਪਾਸੇ ਉਹ ਲੋਕ ਸਨ ਜੋ ਬਰਤਾਨਵੀ ਹਾਕਮਾਂ ਦੇ ਰਾਜ ਨੂੰ ਚਲਾਉਣ ਵਿਚ ਮਦਦਗਾਰ ਹੋ ਰਹੇ ਸਨ। ਇਸ ਕਰਕੇ ਹੀ ਲੋਕ ਸ਼ਹੀਦਾਂ ਨੂੰ ਯਾਦ ਕਰਦੇ ਹਨ।
ਉਘੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆ ਨਾਲ ਮਿਲੇ ਵੋਟ ਦੇ ਹੱਕ ਨੂੰ ਕੇਂਦਰ ਅਤੇ ਚੋਣ ਕਮਿਸ਼ਨ ਖੋਹਣ ਦੇ ਆਹਰ ਵਿੱਚ ਲਗੇ ਹੋਏ ਹਨ ਤੇ ਇਸ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਸ਼ਹੀਦਾਂ ਦਾ ਸਾਨੂੰ ਸੁਨੇਹਾ ਹੈ ਕਿ ਇਨਸਾਫ ਲਈ ਲੜਾਈ ਲੜਨੀ ਪਵੇਗੀ।
ਭਵਨ ਸੁਸਾਇਟੀ ਦੇ ਮਹਿਲਾ ਵਿੰਗ ਦੀ ਕਨਵੀਨਰ ਵੀਨਾ ਜੰਮੂ ਨੇ ਮਾੜੇ ਤਤਾ ਤੋਂ ਭਵਨ ਨੂੰ ਮੁਕਤ ਕਰਵਾਉਣ ਲਈ ਸ੍ਰੀ ਪ੍ਰੇਮ ਸਿੰਘ ਦੀ ਅਗਵਾਈ ਹੇਠ ਲੜੇ ਗਏ ਸੰਘਰਸ਼ ਦਾ ਵਿਸਥਾਰ ਵਿੱਚ ਜਿਕਰ ਕਰਦਿਆ ਵਖ ਵਖ ਸਖਸ਼ੀਅਤਾਂ ਦੇ ਯੋਗਦਾਨ ਲਈ ਧਨਵਾਦ ਕੀਤਾ। ਇਸ ਮੌਕੇ ਇਨਾਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸੀਨੀਅਰ ਪਤਰਕਾਰ ਬਲਵਿੰਦਰ ਸਿੰਘ ਜੰਮੂ ਨੇ ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਿਸਟੀ ਵਿੱਚ ਸ਼ਹੀਦ ਊਧਮ ਸਿੰਘ ਚੇਅਰ ਸਥਾਪਤ ਕਰਨ ਅਤੇ ਸ਼ਹੀਦ ਦੇ ਨਾਂ ਸੜਕ ਦਾ ਨਾਂ ਰਖਣ ਲਈ ਪੰਜਾਬ ਸਰਕਾਰ ਦਾ ਧਨਵਾਦ ਕਰਦਿਆ ਮੰਗ ਕੀਤੀ ਕਿ ਸ਼ਹੀਦ ਦੀ ਇੰਗਲੈਂਡ ਵਿਚ ਪਈਆਂ ਨਿਸ਼ਾਨੀਆਂ ਨੂੰ ਵਾਪਸ ਲਿਆਉਣ ਲਈ ਉਪਰਾਲੇ ਕੀਤੇ ਜਾਣ। ਭਵਨ ਦੀ ਐਪੇਲਿਟ ਅਥਾਰਿਟੀ ਦੇ ਕਨਵੀਨਰ ਪ੍ਰੇਮ ਸਿੰਘ ਨੇ ਭਵਨ ਦੀ ਰਾਖੀ ਲਈ ਸਹਿਯੋਗ ਵਾਸਤੇ ਸਭ ਦਾ ਧਨਵਾਦ ਕਰਦਿਆ ਕਿਹਾ ਕਿ ਮਾੜੇ ਤਤਾ ਤੋਂ ਭਵਨ ਨੂੰ ਬਚਾਉਣ ਲਈ ਯਤਨ ਕਰਦੇ ਰਹਾਂਗੇ।
ਸਮਾਗਮ ਨੂੰ ਪ੍ਰੋ ਅਵਤਾਰ ਸਿੰਘ,ਅੰਤਰਰਾਸ਼ਟਰੀ ਕੰਬੋਜ ਸਮਾਜ ਦੇ ਪ੍ਰਧਾਨ ਇਕਬਾਲ ਚੰਦ ਪਾਲਾ ਬਟੀ,ਬਜੁਰਗ ਆਗੂ ਦੌਲਤ ਰਾਮ ਕੰਬੋਜ,ਡਾਕਟਰ ਰਵੀ ਕੰਬੋਜ,ਸੀਨੀਅਰ ਵਕੀਲ ਜਸਪਾਲ ਸਿੰਘ ਦਪਰ,ਚੰਡੀਗੜ੍ਹ ਨਗਰ-ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਮਿਨ ਪ੍ਰੀਤ ਸਿੰਘ,ਸ੍ਰੀ ਹਰਪਾਲ ਸਿੰਘ ਹਰਿਆਣਾ ਤੇ ਹੋਰਾਂ ਨੇ ਸੰਬੋਧਨ ਕੀਤਾ। ਸਰਪੰਚ ਨਥੂ ਘੜਾਮਾ ਨੇ ਗੀਤ ਪੇਸ਼ ਕੀਤਾ।
ਭਵਨ ਦੇ ਜਨਰਲ ਸਕੱਤਰ ਗੁਰਮੇਜ ਸਿੰਘ ਨੇ ਤਿੰਨ ਮਤੇ ਪੇਸ਼ ਕੀਤੇ ਕੀਤੇ ਜਿਨਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਈਰਾਨ ‘ਤੇ ਅਮਰੀਕਾ ਦੇ ਹਮਲੇ ਵਿਚ ਮਾਰੀਆ ਗਈਆਂ ਸਕੂਲੀ ਬਚੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਲੰਗਰ ਵਰਤਾਇਆ ਗਿਆ। ਮੁਫਤ ਮੈਡੀਕਲ ਕੈਂਪ ਲਾਇਆ ਗਿਆ। ਲੋਕਾਂ ਨੂੰ ਮੁਫਤ ਪੌਦੇ ਵੰਡੇ ਗਏ।
ਸਮਾਗਮ ਵਿਚ ਹੋਰਨਾਂ ਤੋ ਇਲਾਵਾ ਐਡਵੋਕੇਟ ਜੋਗਿੰਦਰ ਜਿੰਦੂ,ਅਕਾਲੀ ਆਗੂ ਕ੍ਰਿਸ਼ਨ ਸਿੰਘ,ਕਿਸਾਨ ਆਗੂ ਸੁਰਜੀਤ ਸਿੰਘ ਢੇਰ, ਟਰਕ ਯੂਨੀਅਨ ਰੋਪੜ ਦੇ ਪ੍ਰਧਾਨ ਮਗਰ ਸਿੰਘ ਅਤੇ ਪੁਲੀਸ ਦੇ ਸੇਵਾ ਮੁਕਤ ਇੰਸਪੈਕਟਰ ਮਹਿੰਦਰ ਸਿੰਘ ਆਦਿ ਹਾਜ਼ਰ ਸਨ।