1 ਅਪ੍ਰੈਲ 2025 ਤੋਂ ਹੁਣ ਤੱਕ 45 ਹਜ਼ਾਰ ਤੋਂ ਵੱਧ ਕਿਰਤੀਆਂ ਨੂੰ ਦਿੱਤੇ 146.77 ਕਰੋੜ ਰੁਪਏ ਦੇ ਲਾਭ: ਕੈਬਨਿਟ ਮੰਤਰੀ ਸੌਂਦ

ਚੰਡੀਗੜ੍ਹ, 10 ਮਾਰਚ: ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਉਸਾਰੀ ਕਿਰਤੀਆਂ ਦੀ ਭਲਾਈ ਯਕੀਨੀ ਬਣਾਉਣ ਵੱਲ ਵੱਡਾ ਸੁਧਾਰ ਕਰਦਿਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਹੈ ਜਿਸ ਤਹਿਤ ਅਰਜ਼ੀਆਂ ਦੇ ਨਿਪਟਾਰੇ ਦਾ ਸਮਾਂ 165 ਦਿਨਾਂ ਤੋਂ ਘਟਾ ਕੇ ਸਿਰਫ਼ 62 ਦਿਨ ਕਰ ਦਿੱਤਾ ਹੈ। ਇਸ ਕਦਮ ਨਾਲ ਪੰਜਾਬ ਇਮਾਰਤ ਤੇ ਹੋਰ ਉਸਾਰੀ ਕਿਰਤੀ ਬੋਰਡ ਰਾਹੀਂ ਲਾਭਪਾਤਰੀਆਂ ਨੂੰ ਮਿਲਣ ਵਾਲੇ ਫ਼ਾਇਦਿਆਂ ਵਿੱਚ ਵੱਡਾ ਵਾਧਾ ਹੋਇਆ ਹੈ ਅਤੇ 1 ਅਪ੍ਰੈਲ, 2025 ਤੋਂ ਹੁਣ ਤੱਕ 45,578 ਕਿਰਤੀਆਂ ਨੂੰ 146.77 ਕਰੋੜ ਰੁਪਏ ਦੇ ਲਾਭ ਮਿਲੇ ਹਨ, ਜੋ ਪਿਛਲੀ ਸਰਕਾਰ ਦੇ ਆਖ਼ਰੀ ਸਾਲ ਦੌਰਾਨ 4,977 ਕਿਰਤੀਆਂ ਨੂੰ ਦਿੱਤੇ ਗਏ 14.73 ਕਰੋੜ ਰੁਪਏ ਨਾਲੋਂ ਤਕਰੀਬਨ 10 ਗੁਣਾਂ ਵੱਧ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਅੰਕੜੇ ਆਪਣੇ ਆਪ ਹੀ ਦੋਵਾਂ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਵਚਨਬੱਧਤਾ ਵਿੱਚ ਅੰਤਰ ਨੂੰ ਦਰਸਾਉਂਦੇ ਹਨ।

ਹੋਰ ਪੜ੍ਹੋ 👉  ਹੁਣ ਤੱਕ 7800 ਤੋਂ ਵੱਧ ਲੋਕਾਂ ਨੇ ਵਾਜਿਬ ਮੁੱਲ ਦੀਆਂ ਦੁਕਾਨਾਂ ਲਈ ਅਰਜ਼ੀਆਂ ਦਿੱਤੀਆਂ: ਲਾਲ ਚੰਦ ਕਟਾਰੂਚੱਕ

ਪੰਜਾਬ ਵਿਧਾਨ ਸਭਾ ਵਿੱਚ ਇੱਕ ਪ੍ਰਸ਼ਨ ਦਾ ਜਵਾਬ ਦਿੰਦਿਆਂ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਲੋਕ-ਭਲਾਈ ਦੀਆਂ ਕਈ ਪਹਿਲਕਦਮੀਆਂ ਦੇ ਨਾਲ-ਨਾਲ ਮਾਨ ਸਰਕਾਰ ਨੇ ਪੰਜਾਬ ਬਿਲਡਿੰਗ ਐਂਡ ਅਦਰ ਕਨਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਕੰਮਕਾਜ ਨੂੰ ਹੋਰ ਵੀ ਸੁਚਾਰੂ ਬਣਾਇਆ ਹੈ ਤਾਂ ਜੋ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਵਜੋਂ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਮਾਂ ਸੀਮਾ ਨੂੰ ਹੋਰ ਘਟਾ ਕੇ ਸਿਰਫ਼ 45 ਦਿਨ ਕਰਨ ਲਈ ਵੀ ਯਤਨਸ਼ੀਲ ਹੈ।

ਸ. ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਨ-ਰਾਤ ਮਿਹਨਤ ਕਰਦੀ ਆ ਰਹੀ ਹੈ ਤਾਂ ਜੋ ਭਲਾਈ ਸਕੀਮਾਂ ਦੇ ਫ਼ਾਇਦੇ ਸੂਬੇ ਦੇ ਹਰ ਅਸਲ ਹੱਕਦਾਰ ਅਤੇ ਲੋੜਵੰਦ ਵਿਅਕਤੀ ਤੱਕ ਪਾਰਦਰਸ਼ੀ ਢੰਗ ਨਾਲ ਬਿਨਾਂ ਕਿਸੇ ਦਿੱਕਤ-ਪ੍ਰੇਸ਼ਾਨੀ ਤੋਂ ਨਿਰਧਾਰਿਤ ਸਮੇਂ ਵਿੱਚ ਪਹੁੰਚ ਸਕਣ।

ਹੋਰ ਪੜ੍ਹੋ 👉  *ਪੰਜਾਬ ’ਚੋਂ ਅਨਪੜ੍ਹਤਾ, ਨਸ਼ੇ ਅਤੇ ਬੇਰੁਜ਼ਗਾਰੀ ਦਾ ਸਫਾਇਆ ਕਰਨਾ ’ਆਪ’ ਸਰਕਾਰ ਦੀ ਪ੍ਰਮੁੱਖ ਤਰਜੀਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਦੱਸਦਿਆਂ ਕਿਰਤ ਮੰਤਰੀ ਨੇ ਕਿਹਾ ਕਿ ਪੰਜਾਬ ਬਿਲਡਿੰਗ ਐਂਡ ਅਦਰ ਕਨਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਉਸਾਰੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਲਈ ਕਈ ਸਕੀਮਾਂ ਚਲਾ ਰਿਹਾ ਹੈ। ਇਨ੍ਹਾਂ ਵਿੱਚ ਬਾਲੜੀ ਤੋਹਫ਼ਾ (ਵੱਧ ਤੋਂ ਵੱਧ ਦੋ ਧੀਆਂ ਲਈ), ਐਕਸ-ਗ੍ਰੇਸ਼ੀਆ ਲਾਈਫ ਕਵਰ, ਅੰਤਿਮ ਸਸਕਾਰ ਲਈ ਵਿੱਤੀ ਸਹਾਇਤਾ, ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਨਰਲ ਸਰਜਰੀ ਸਹਾਇਤਾ, ਐਲ.ਟੀ.ਸੀ. ਲਾਭ, ਮਾਤਰਿਤਾ ਲਾਭ (ਵੱਧ ਤੋਂ ਵੱਧ ਦੋ ਜੀਵਤ ਬੱਚਿਆਂ ਲਈ), ਮਾਨਸਿਕ ਤੌਰ ‘ਤੇ ਚੁਣੌਤੀਪੂਰਨ ਜਾਂ ਵਿਸ਼ੇਸ਼ ਯੋਗਤਾ ਵਾਲੇ ਬੱਚਿਆਂ ਲਈ ਲਾਭ, ਬਿਮਾਰੀਆਂ ਦੌਰਾਨ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਹਾਇਤਾ, 60 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਪੈਨਸ਼ਨ ਸਮੇਤ ਪਰਿਵਾਰਕ/ਵਿਧਵਾ ਪੈਨਸ਼ਨ, ਧੀਆਂ ਦੇ ਵਿਆਹ ਲਈ ਸ਼ਗਨ ਸਕੀਮ ਅਤੇ ਮਜ਼ਦੂਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫ਼ਾ ਸ਼ਾਮਲ ਹਨ।

ਹੋਰ ਪੜ੍ਹੋ 👉  ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁਲਾਰਾ ਭਾਜਪਾ ਦੇ ਸਾਬਕਾ ਮੰਤਰੀ ਸਤਪਾਲ ਗੋਸਾਈਂ ਦੇ ਪੋਤੇ ਅਮਿਤ ਗੁਸਾਈਂ ਪਾਰਟੀ ’ਚ ਹੋਏ ਸ਼ਾਮਲ

ਸ. ਸੌਂਦ ਨੇ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਕਿਹਾ ਕਿ ਇਨ੍ਹਾਂ ਭਲਾਈ ਸਕੀਮਾਂ ਦੇ ਲਾਭ ਸੂਬੇ ਦੇ ਹਰ ਹੱਕਦਾਰ ਉਸਾਰੀ ਕਿਰਤੀ ਤੱਕ ਪਹੁੰਚਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਪ੍ਰਕਿਰਿਆਵਾਂ ਨੂੰ ਸਰਲ ਬਣਾ ਰਹੀ ਹੈ ਤਾਂ ਜੋ ਮਜ਼ਦੂਰਾਂ ਨੂੰ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਵਿੱਤੀ ਸਹਾਇਤਾ ਮਿਲ ਸਕੇ।

ਪੰਜਾਬ ਭਰ ਦੇ ਉਸਾਰੀ ਕਿਰਤੀਆਂ ਨੂੰ ਅਪੀਲ ਕਰਦਿਆਂ ਕਿਰਤ ਮੰਤਰੀ ਨੇ ਉਨ੍ਹਾਂ ਨੂੰ ਬੋਰਡ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਤਾਂ ਜੋ ਉਹ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਲੈਣ ਦੇ ਯੋਗ ਬਣ ਸਕਣ। ਉਨ੍ਹਾਂ ਕਿਹਾ ਕਿ ਬੋਰਡ ਨਾਲ ਰਜਿਸਟ੍ਰੇਸ਼ਨ ਕਰਨ ਨਾਲ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਰੂਰਤ ਦੇ ਸਮੇਂ ਸਮਾਜਿਕ ਸੁਰੱਖਿਆ ਅਤੇ ਵਿੱਤੀ ਸਹਾਇਤਾ ਤੱਕ ਪਹੁੰਚ ਮਿਲਦੀ ਹੈ।

Leave a Reply

Your email address will not be published. Required fields are marked *