ਹਾਈਕੋਰਟ ਨੇ ਕਿਸਾਨ ਆਗੂਆਂ ਨੂੰ ਦਿੱਤੀ ਜਮਾਨਤ, ਕਿਸਾਨਾਂ ਦਾ ਧਰਨਾ ਜਾਰੀ

ਬਠਿੰਡਾ 18 ਫਰਵਰੀ (ਖ਼ਬਰ ਖਾਸ ਬਿਊਰੋ)
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਚਾਉਕੇ ਅਤੇ ਸ਼ਗਨਦੀਪ ਸਿੰਘ ਜਿਉਦ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਕਿਸਾਨ ਜਥੇਬੰਦੀਆਂ ਹਾਈ ਕੋਰਟ ਦੇ ਫੈਸਲੇ ਨੂੰ ਵੱਡੀ ਰਾਹਤ ਵਜੋਂ ਦੇਖ ਰਹੀਆਂ ਹਨ।
ਉਧਰ ਕਿਸਾਨ ਆਗੂ ਜੋਗਿੰਦਰ ਸਿੰਘ ਉਗਾਰਾਹਾ ਨੇ ਕਿਹਾ ਕਿ ਰਾਤ ਅਤੇ ਅੱਜ ਸਵੇਰੇ ਗ੍ਰਿਫ਼ਤਾਰ ਕੀਤੇ ਗਏ ਹੋਰ ਆਗੂਆਂ ਅਤੇ ਵਰਕਰਾਂ ਦੀ ਰਿਹਾਈ ਲਈ ਚੱਲ ਰਹੇ ਧਰਨੇ ਜਾਰੀ ਰਹਿਣਗੇ। ਉਗਰਾਹਾਂ ਨੇ ਕਿਹਾ ਕਿ ਹਾਈਕੋਰਟ ਦਾ ਫੈਸਲਾ ਸੱਚਾਈ ਦੀ ਜਿੱਤ ਹੈ ਅਤੇ ਇਹ ਕਿਸਾਨਾਂ ਦੇ ਇਕੱਠ ਅਤੇ ਸੰਘਰਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸਾਨ ਹੱਕਾਂ ਲਈ ਇਕੱਠੇ ਹੋ ਕੇ ਸ਼ਾਂਤੀਪੂਰਵਕ ਲੜਦੇ ਹਨ ਤਾਂ ਆਖ਼ਿਰਕਾਰ ਨਿਆਂ ਮਿਲਦਾ ਹੈ।
ਉਗਰਾਹਾਂ ਨੇ ਕਿਹਾ ਕਿ ਭਾਵੇਂ ਦੋਵੇਂ ਆਗੂਆਂ ਨੂੰ ਜ਼ਮਾਨਤ ਮਿਲ ਗਈ ਹੈ, ਪਰ ਜਦ ਤਕ ਬਾਕੀ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂ ਅਤੇ ਵਰਕਰ ਰਿਹਾਅ ਨਹੀਂ ਹੁੰਦੇ, ਤਦ ਤਕ ਧਰਨੇ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਪਿਛਲੀ ਰਾਤ ਅਤੇ ਅੱਜ ਸਵੇਰੇ ਹੋਈਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ ’ਤੇ ਧਰਨੇ ਜਾਰੀ ਹਨ। ਕਿਸਾਨ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ’ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਬਿਨਾਂ ਸ਼ਰਤ ਸਾਰੇ ਗ੍ਰਿਫ਼ਤਾਰ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ। ਉਗਰਾਹਾਂ ਨੇ ਐਲਾਨ ਕੀਤਾ ਕਿ ਵੀਰਵਾਰ ਨੂੰ ਪਿੰਡਾਂ ਅੰਦਰ ਜੇਤੂ ਰੇਲੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਰੈਲੀਆਂ ਕਿਸਾਨ ਏਕਤਾ ਅਤੇ ਸੰਘਰਸ਼ ਦੀ ਕਾਮਯਾਬੀ ਦਾ ਪ੍ਰਤੀਕ ਹੋਣਗੀਆਂ। ਪਿੰਡ ਪੱਧਰ ’ਤੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਣਗੇ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦੇਣਗੇ। ਉਗਰਾਹਾਂ ਨੇ ਕਿਸਾਨਾਂ ਨੂੰ ਅਮਨ-ਸ਼ਾਂਤੀ ਕਾਇਮ ਰੱਖਦੇ ਹੋਏ ਆਪਣੇ ਹੱਕਾਂ ਲਈ ਡਟੇ ਰਹਿਣ ਦੀ ਅਪੀਲ ਕੀਤੀ ਹੈ।
ਹੋਰ ਪੜ੍ਹੋ 👉  ਵਿਧਾਨ ਸਭਾ ਚੋਣਾਂ–ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਸਬੰਧੀ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਹੋਈ ਮੀਟਿੰਗ

Leave a Reply

Your email address will not be published. Required fields are marked *