ਤੰਬਾਕੂ ਪੀਣ ਤੇ ਵੇਚਣ ਵਾਲਿਆਂ ਉਤੇ ਸਿਹਤ ਵਿਭਾਗ ਨੇ ਕਸਿਆ ਸਿਕੰਜਾ, ਕੀਤੀ ਕਾਰਵਾਈ

ਸ਼੍ਰੀ ਅਨੰਦਪੁਰ ਸਾਹਿਬ 18 ਫਰਵਰੀ (ਖ਼ਬਰ ਖਾਸ ਬਿਊਰੋ
ਪੰਜਾਬ ਸਰਕਾਰ ਵੱਲ੍ਹੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨੇ ਜਾਣ ਤੇ ਸਿਹਤ ਵਿਭਾਗ ਵਲ੍ਹੋਂ ਕੋਟਪਾ ਐਕਟ ਤਹਿਤ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਸ਼੍ਰੀ ਬਲਵੰਤ ਰਾਏ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਬੱਸ ਸਟੈਂਡ, ਰੇਲਵੇ ਸਟੇਸ਼ਨ, ਕਚਹਿਰੀ ਰੋਡ, ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਏਰੀਏ ਵਿੱਚ ਤੰਬਾਕੂ ਪਦਾਰਥਾਂ ਦਾ ਸੇਵਨ ਕਰਨ ਵਾਲ਼ਿਆਂ ਦੇ ਚਲਾਣ ਕੀਤੇ ਗਏ। ਦੁਕਾਨਦਾਰਾਂ ਨੂੰ ਤੰਬਾਕੂ ਤੋਂ ਬਣੇ ਪਦਾਰਥ ਵੇਚਣ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਉਲੰਘਣਾ ਦੀ ਸੂਰਤ ਵਿੱਚ ਜੁਰਮਾਨੇ ਸਬੰਧੀ ਸਾਵਧਾਨ ਕੀਤਾ ਗਿਆ ਅਤੇ ਸ਼ਹਿਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਵਿਸ਼ਵ ਭਰ ਵਿੱਚ ਤੰਬਾਕੂ ਅਤੇ ਇਸ ਤੋਂ ਬਣੇ ਉਤਪਾਦਾਂ ਦੇ ਸੇਵਨ ਤੋਂ ਹੋਣ ਵਾਲ਼ੇ ਖਤਰੇ ਵਾਰੇ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।
ਸਬ ਡਵੀਜ਼ਨਲ ਹਸਪਤਾਲ਼ ਸ਼੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਿੰਦਰ ਸਿੰਘ ਨੇ ਜਾਣਕਾਰੀ ਦੱਸਿਆ ਕਿ ਤੰਬਾਕੂ ਦਾ ਸੇਵਨ ਕੈਂਸਰ ਅਤੇ ਹੋਰ ਨਾ-ਮੁਰਾਦ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਤੰਬਾਕੂ ਦੀ ਵਰਤੋਂ ਨਾਲ਼ ਗਲ਼ੇ ਦਾ ਕੈਂਸਰ, ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਸਰ ਆਦਿ ਰੋਗ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਅਤੇ ਕੁਰਬਾਨੀਆਂ ਦਾ ਇਤਿਹਾਸ ਸਿਰਜਣ ਵਾਲ਼ੀ ਧਰਤੀ ਹੈ। ਸਾਨੂੰ ਆਪਣੇ ਗੁਰੂਆਂ ਪੀਰਾਂ ਦੇ ਦੱਸੇ ਮਾਰਗ ‘ਤੇ ਚੱਲਦੇ ਹੋਏ ਤੰਬਾਕੂ ਰਹਿਤ ਅਤੇ ਹਰ ਤਰ੍ਹਾਂ ਦੇ ਨਸ਼ੇ ਤੋਂ ਰਹਿਤ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇੱਕ ਚੰਗੀ ਸਿਹਤ ਹੀ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੀ ਹੈ।
ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਦੱਸਿਆ ਕਿ ਕੋਟਪਾ ਐਕਟ 2003 ਤਹਿਤ ਤੰਬਾਕੂ ਅਤੇ ਇਸ ਤੋਂ ਬਣੇ ਪਦਾਰਥਾਂ ਨੂੰ ਖੁਲ੍ਹੇ ਰੂਪ ਵਿੱਚ ਨਹੀਂ ਵੇਚਿਆ ਜਾ ਸਕਦਾ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਜਿਹੇ ਪਦਾਰਥ ਵੇਚਣਾ ਕਨੂੰਨੀ ਅਪਰਾਧ ਹੈ। ਉਹਨਾਂ ਕਿਹਾ ਕਿ ਹੁਣ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਸਰਕਾਰ ਵਲ੍ਹੋਂ ਪਵਿੱਤਰ ਸ਼ਹਿਰ ਐਲਾਨ ਦਿੱਤਾ ਗਿਆ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਸ਼ਹਿਰ ਦੀ ਪਵਿੱਤਰਤਾ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਤੋਂ ਨਰੇਸ਼ ਕੁਮਾਰ, ਸੁੱਚਾ ਸਿੰਘ, ਮਹਿੰਦਰ ਸਿੰਘ ਮਾਵੀ, ਰੋਹਿਤ ਕੁਮਾਰ, ਸੁਰਜੀਤ ਸਿੰਘ ਅਤੇ ਸੰਜੂ ਸ਼ਾਮਿਲ ਸਨ।
ਹੋਰ ਪੜ੍ਹੋ 👉  ਪਿੰਡ ਜਿਊਂਦ ਵਿਖੇ ਪੁਲਿਸ ਅਤੇ ਕਿਸਾਨ ਹੋਏ ਆਹਮੋ ਸਾਹਮਣੇ, ਚੱਲੇ ਇੱਟਾਂ ਰੋੜੇ, ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲ਼ੇ

Leave a Reply

Your email address will not be published. Required fields are marked *