ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਨੇ ਅੱਜ ਦੀ ਸਰਕਾਰ ਦੀ ’ਯੁੱਧ ਨਸ਼ਿਆਂ ਵਿਰੁੱਧ’ ਰੈਲੀ ਦੀ ਆੜ ਵਿਚ ਸਿਆਸੀ ਧੋਖਾਧੜੀ ਕੀਤੀ ਹੈ ਜਦੋਂ ਕਿ ਇਸ ਰੈਲੀ ਦਾ ਮਕਸਦ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਬਿਗਲ ਵਜਾਉਣਾ ਸੀ। ਉਹਨਾਂ ਕਿਹਾ ਕਿ ਨਾ ਸਿਰਫ ਸਰਕਾਰੀ ਫੰਡਾਂ ਦੀ ਵਰਤੋਂ ਰੈਲੀ ਵਾਸਤੇ ਲੋਕਾਂ ਨੂੰ ਲਿਆਉਣ ਲਈ ਕੀਤੀ ਗਈ ਸਗੋਂ ਸਾਰੀ ਰੈਲੀ ਦਾ ਖਰਚਾ ਸਰਕਾਰੀ ਤੌਰ ’ਤੇ ਕੀਤਾ ਗਿਆ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਰੈਲੀ ਦੀ ਪ੍ਰਧਾਨਗੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੀ ਦਿੱਲੀ ਲੀਡਰਸ਼ਿਪ ਨੇ ਕੀਤੀ ਜਿਹਨਾਂ ਦੀ ਪੰਜਾਬ ਦੀ ਸਰਕਾਰ ਵਿਚ ਕੋਈ ਭੂਮਿਕਾ ਨਹੀਂ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਇਸ ਕਿਸਮ ਦੀ ਰਾਜਨੀਤੀ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਰੈਲੀ ਵਿਚ ਸਿਆਸੀ ਤਕਰੀਰਾਂ ਕੀਤੀਆਂ ਗਈਆਂ ਅਤੇ ਸਿਆਸੀ ਵਿਰੋਧੀਆਂ ਖਿਲਾਫ ਦੂਸ਼ਣਬਾਜ਼ੀ ਕੀਤੀ ਗਈ। ਉਹਨਾਂ ਨੇ ਰਾਜਪਾਲ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ’ਤੇ ਹੋਏ ਖਰਚ ਦੀ ਰਾਸ਼ੀ ਆਪ ਤੋਂ ਵਸੂਲਣ ਦੀ ਪ੍ਰਕਿਰਿਆ ਸ਼ੁਰੂ ਕਰਨ ਕਿਉਂਕਿ ਇਹ ਖਰਚਾ ਨਿਯਮਾਂ ਨੂੰ ਅਣਡਿੱਠ ਕਰ ਕੇ ਕੀਤਾ ਗਿਆ ਹੈ ਤੇ ਇਹ ਸਰਕਾਰੀ ਪ੍ਰੋਗਰਾਮ ਨਹੀਂ ਸੀ।
ਅਕਾਲੀ ਆਗੂ ਨੇ ਇਸ ਸਿਆਸੀ ਰੈਲੀ ਨੂੰ ਪੰਜਾਬ ਦੇ ਮੁੱਖ ਸਕੱਤਰ ਅਤੇ ਡੀ ਜੀ ਪੀ ਵੱਲੋਂ ਸੰਬੋਧਨ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਸੂਬੇ ਦੀ ਅਫਸਰਸ਼ਾਹੀ ਦਾ ਸਿਆਸੀਕਰਨ ਹੋਵੇਗਾ ਅਤੇ ਇਹ ਲੋਕਤੰਤਰ ਲਈ ਚੰਗਾ ਨਹੀਂ ਹੈ। ਉਹਨਾਂ ਕਿਹਾ ਕਿ ਕੱਲ੍ਹ ਨੂੰ ਆਪ ਸਰਕਾਰ ਜ਼ਿਲ੍ਹਾ ਪੱਧਰੀ ਅਫਸਰਾਂ ਨੂੰ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਨ ਵਾਸਤੇ ਮਜਬੂਰ ਕਰਨਗੇ ਅਤੇ ਉਹ ਆਪ ਦਾ ਹਿੱਸਾ ਬਣ ਜਾਣਗੇ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਦੀ ਆਸ ਨਹੀਂ ਕੀਤੀ ਜਾ ਸਕਦੀ।
ਮੋਗਾ ਵਿੱਚ ਆਯੋਜਿਤ ਆਮ ਆਦਮੀ ਪਾਰਟੀ ਦੀ ‘ਯੁੱਧ ਨਸ਼ਿਆਂ ਵਿਰੁੱਧ’ ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਭੂਮਿਕਾ ਅਤੇ ਦਿੱਲੀ ਵੱਲੋਂ ਕਥਿਤ ਦਖਲਅੰਦਾਜ਼ੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਝਿੰਝਰ ਨੇ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਕਈ ਬੀਮਾਰ ਸਨ ਅਤੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚੈਕਅਪ ਲਈ ਦਾਖਲ ਹੋਏ ਸਨ, ਤਾਂ ਅਚਾਨਕ ਐਸਾ ਕੀ ਬਦਲ ਗਿਆ ਕਿ ਉਹ ਰਾਜਨੀਤਿਕ ਰੈਲੀ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਗਏ? ਉਨ੍ਹਾਂ ਨੇ ਪੁੱਛਿਆ, “ਕੀ ਬੀਮਾਰੀ ਨੂੰ ਹਮਦਰਦੀ ਲਈ ਦਿਖਾਇਆ ਗਿਆ ਸੀ ਜਾਂ ਫਿਰ ਸਰਕਾਰ ਚਲਾਉਣ ਤੋਂ ਵੱਧ ਰਾਜਨੀਤਿਕ ਦਿਖਾਵਾ ਮਹੱਤਵਪੂਰਨ ਹੈ?”
ਉਨ੍ਹਾਂ ਨੇ ਅੱਗੇ ਸਵਾਲ ਕੀਤਾ ਕਿ ਕੀ ਪੰਜਾਬ ਲੀਡਰਸ਼ਿਪ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਹਾਈਕਮਾਂਡ ਵਿਚਕਾਰ ਚੱਲ ਰਹੇ ਅੰਦਰੂਨੀ ਮਸਲੇ ਸੱਚਮੁੱਚ ਸੁਲਝ ਗਏ ਹਨ? “ਕੀ ਭਗਵੰਤ ਮਾਨ ਦਿੱਲੀ ਦੇ ਦਬਾਅ ਹੇਠ ਝੁਕ ਗਏ ਹਨ? ਕੀ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ?” ਉਨ੍ਹਾਂ ਨੇ ਟਿੱਪਣੀ ਕੀਤੀ।
ਝਿੰਝਰ ਨੇ ਦੋਸ਼ ਲਾਇਆ ਕਿ ਰੈਲੀ ਦਾ ਪੂਰਾ ਪ੍ਰਬੰਧ—ਝੰਡੇ, ਸਾਊਂਡ ਸਿਸਟਮ, ਟੈਂਟ, ਕੁਰਸੀਆਂ ਅਤੇ ਏਸੀ—ਦਿੱਲੀ ਤੋਂ ਲਿਆਂਦੇ ਗਏ ਅਤੇ ਇਸਦਾ ਖਰਚਾ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਕੀਤਾ ਗਿਆ। “ਦਿੱਲੀ ਤੋਂ ਨਿਰਦੇਸ਼ਿਤ ਰਾਜਨੀਤਿਕ ਦਿਖਾਵੇ ਦਾ ਭਾਰ ਪੰਜਾਬ ਦੀ ਜਨਤਾ ਕਿਉਂ ਝੱਲੇ?” ਉਨ੍ਹਾਂ ਨੇ ਸਵਾਲ ਕੀਤਾ।
ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਨੂੰ ਸਾਫ ਕਰਨਾ ਚਾਹੀਦਾ ਹੈ ਕਿ ਕੀ ਪੰਜਾਬ ਦੀ ਪ੍ਰਸ਼ਾਸਨਿਕ ਕਾਰਵਾਈ ਸੁਤੰਤਰ ਤੌਰ ‘ਤੇ ਚੱਲ ਰਹੀ ਹੈ ਜਾਂ ਰਿਮੋਟ ਕੰਟਰੋਲ ਨਾਲ।