ਨਵਜਾਤ ਬੱਚਿਆ ਦੀ ਮੌਤ ਦੇ ਕਾਰਨ ਲੱਭਣ ਦੇ ਨਿਰਦੇਸ਼

ਰੂਪਨਗਰ, 22 ਦਸੰਬਰ (ਖ਼ਬਰ ਖਾਸ ਬਿਊਰੋ)
 ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਵਿੱਚ ਬੱਚਿਆਂ ਦੀ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਦੀ ਸਮੀਖਿਆ ਸਬੰਧੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਰੀਵਿਊ ਕੀਤੇ ਗਏ ਇਹ ਉਹ ਕੇਸ ਸਨ ਜਿਨ੍ਹਾਂ ਵਿੱਚ ਇੰਨਫੈਂਟਸ ਦੀ ਮੌਤ ਜਣੇਪੇ ਦੌਰਾਨ ਜਾਂ ਜਨਮ ਤੋਂ ਇਕ ਸਾਲ ਦੇ ਅੰਦਰ-ਅੰਦਰ ਹੋਈ ਹੈ। ਉਨ੍ਹਾਂ ਵੱਲੋਂ ਇੰਨਫੈਂਟਸ ਮੌਤਾਂ ਦੇ ਕਾਰਨਾਂ ਦੀ ਸਮੀਖਿਆ ਕੀਤੀ ਗਈ ਤੇ ਭਵਿੱਖ ਵਿੱਚ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੇ ਲਈ ਲੋੜੀਂਦੇ ਜ਼ਰੂਰੀ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਡਾਕਟਰ ਨਵਰੂਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੰਤਵ ਬਾਲ ਮੌਤਾਂ ਵਿੱਚ ਜਣੇਪੇ ਦੌਰਾਨ ਤੇ ਨਵ ਜਨਮੇ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾ ਕੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨਾ ਤੇ ਸ਼ਿਸ਼ੂ ਮੌਤ ਦਰ ਨੂੰ ਘਟਾਉਣਾ ਹੈ।
ਉਨ੍ਹਾਂ ਕਿਹਾ ਕਿ ਆਸ਼ਾ ਤੇ ਏਐੱਨਐੱਮ ਵੱਲੋਂ ਰੈਗੂਲਰ ਹੋਮ ਵਿਜਟ ਕਰਨਾ ਯਕੀਨੀ ਬਣਾਇਆ ਜਾਵੇ, ਜੇਕਰ ਕੋਈ ਬੱਚਾ ਸੀਰੀਅਸ ਹੈ ਤਾਂ ਉਸ ਨੂੰ ਤੁਰੰਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੋਲ ਪਹੁੰਚਾਇਆ ਜਾਵੇ। ਇਸ ਬਾਰੇ ਆਸ਼ਾ ਵਰਕਰ ਨੂੰ ਟ੍ਰੇਂਡ ਕੀਤਾ ਜਾਵੇ ਕਿ ਬੱਚਾ ਜਿਆਦਾ ਰੋਂਦਾ ਹੈ, ਜਿਆਦਾ ਸੌਂਦਾ ਹੈ ਤੇ ਖਾਣਾ ਪੀਣਾ ਛੱਡ ਗਿਆ ਹੈ ਤਾਂ ਆਸ਼ਾ ਵਰਕਰ ਘਰ ਵਾਲਿਆਂ ਨੂੰ ਸਮਝਾ ਕੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੋਲ ਭੇਜਣਾ ਯਕੀਨੀ ਬਣਾਉਣ ਤਾਂ ਜੋ ਬੱਚਿਆਂ ਦਾ ਇਲਾਜ ਸਮੇਂ ਸਿਰ ਕੀਤਾ ਸਕੇ ਤੇ ਸ਼ਿਸ਼ੂ ਮੌਤ ਦਰ ਨੂੰ ਘਟਾਇਆ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ ਨੇ ਬਾਲ ਮੌਤਾਂ ਦੀ ਸਮੀਖਿਆ ਕਰਦਿਆਂ ਇਹ ਹਦਾਇਤ ਵੀ ਕੀਤੀ ਕਿ ਗਰਭਵਤੀ ਅੋਰਤਾਂ ਦੀ ਡਿਲੀਵਰੀ ਸੰਸਥਾਗਤ ਕਰਵਾਉਣਾ 100 ਫੀਸਦੀ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਡਿਲੀਵਰੀ ਤੋਂ ਬਾਅਦ ਔਰਤਾਂ ਤੇ ਬੱਚਿਆਂ ਦੀ ਸਹੀ ਦੇਖਭਾਲ ਕੀਤੀ ਜਾਵੇ ਤਾਂ ਜੋ ਜੱਚਾ-ਬੱਚਾ ਦੋਨਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ। ਮੀਟਿੰਗ ਦੌਰਾਨ ਟੀਕਾਕਰਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਆਪਣੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਗੁਰਸੇਵਕ ਸਿੰਘ, ਸਬੰਧਤ ਬਲਾਕਾਂ ਦੇ ਨੋਡਲ ਅਫਸਰ, ਏਐੱਨਐੱਮਜ਼ ਤੇ ਆਸ਼ਾ ਵਰਕਰਜ਼ ਹਾਜ਼ਰ ਸਨ।
ਹੋਰ ਪੜ੍ਹੋ 👉  ਬਟਾਲਾ ਹਲਕੇ ਦੀਆਂ ਵਾਰਡਾਂ  ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੈਲਥ ਕਾਰਡ ਬਣਾਉਣ ਵਿਸ਼ੇਸ਼ ਕੈਂਪ

Leave a Reply

Your email address will not be published. Required fields are marked *