ਮੋਹਾਲੀ, 22 ਦਸੰਬਰ (ਖ਼ਬਰ ਖਾਸ ਬਿਊਰੋ)
ਲਾਇਅਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਗੋਵਿੰਦਗੜ੍ਹ (ਮੋਹਾਲੀ) ਵਿੱਚ ਲਗਭਗ 400 ਵਿਦਿਆਰਥੀਆਂ ਨੂੰ ਜਰਸੀ ਅਤੇ ਜੁੱਤੇ ਵੰਡੇ ਗਏ। ਇਸ ਸਮਾਗਮ ਵਿੱਚ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲਾਇਅਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਸਰਗਰਮ ਰਹਿੰਦਾ ਆ ਰਿਹਾ ਹੈ। ਉਨ੍ਹਾਂ ਨੇ 400 ਵਿਦਿਆਰਥੀਆਂ ਨੂੰ ਸਰਦੀਆਂ ਦੇ ਕੱਪੜੇ ਵੰਡਣ ਦੇ ਇਸ ਉਪਰਾਲੇ ਨੂੰ ਸਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਸਰਦੀਆਂ ਦੇ ਮੌਸਮ ਦੌਰਾਨ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਣ ਦੀ ਪ੍ਰੇਰਣਾ ਦਿੰਦੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਜਦ ਤੱਕ ਜਨਤਾ ਅਤੇ ਸਮਾਜਿਕ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਅੱਗੇ ਨਹੀਂ ਆਉਂਦੀਆਂ, ਤਦ ਤੱਕ ਸਰਕਾਰ ਇਕੱਲੀ ਸਭ ਕੁਝ ਨਹੀਂ ਕਰ ਸਕਦੀ। ਉਨ੍ਹਾਂ ਕਿਹਾ, “ਜਦੋਂ ਇਹ ਤਿੰਨ ਤਾਕਤਾਂ—ਸਰਕਾਰ, ਜਨਤਾ ਅਤੇ ਐਨਜੀਓਜ਼—ਇਕੱਠੀਆਂ ਹੋ ਜਾਂਦੀਆਂ ਹਨ, ਤਾਂ ਕੋਈ ਵੀ ਕੰਮ ਅਧੂਰਾ ਨਹੀਂ ਰਹਿ ਸਕਦਾ।” ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਸਮਾਜਿਕ ਮਾਹੌਲ ਨੂੰ ਬਿਹਤਰ ਬਣਾਉਣ ਅਤੇ ਲੋੜਵੰਦਾਂ ਦੀ ਮਦਦ ਲਈ ਸਾਂਝੇ ਤੌਰ ‘ਤੇ ਕੰਮ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਕਲੱਬ ਵੱਲੋਂ ਆਉਂਦੇ ਦਿਨਾਂ ਵਿੱਚ ਨੇੜਲੇ ਹੋਰ ਸਕੂਲਾਂ ਵਿੱਚ ਵੀ ਸਮਾਜ ਸੇਵਾ ਦੇ ਕੰਮ ਜਾਰੀ ਰੱਖੇ ਜਾਣਗੇ।
ਵਿਧਾਇਕ ਨੇ ਕਿਹਾ ਕਿ ਅਸਲ ਸਮਾਜਿਕ ਭਲਾਈ ਤਦੋਂ ਹੀ ਸੰਭਵ ਹੈ, ਜਦੋਂ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਆਮ ਨਾਗਰਿਕ ਖੁਦ ਮਰਜ਼ੀ ਨਾਲ ਜ਼ਿੰਮੇਵਾਰੀ ਸੰਭਾਲ ਕੇ ਹੋਰਨਾਂ ਲਈ ਮਿਸਾਲ ਬਣਨ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਢਾਂਚਾਗਤ ਸੁਧਾਰ, ਅਤੇ ਵੱਡੇ ਪੱਧਰ ‘ਤੇ ਅਧਿਆਪਕਾਂ ਤੇ ਸਟਾਫ਼ ਦੀ ਭਰਤੀ ਕਰਕੇ ਸਿੱਖਿਆ ਪ੍ਰਣਾਲੀ ਨੂੰ ਕਾਫ਼ੀ ਮਜ਼ਬੂਤ ਕੀਤਾ ਗਿਆ ਹੈ। ਅੰਤ ਵਿੱਚ ਉਨ੍ਹਾਂ ਲਾਇਅਨਜ਼ ਕਲੱਬ ਦੀ ਪੂਰੀ ਟੀਮ ਦਾ ਇਸ ਸੇਵਾ ਭਾਵ ਲਈ ਧੰਨਵਾਦ ਕੀਤਾ।
ਇਸ ਮੌਕੇ ਡਾ. ਸਤਿੰਦਰ ਸਿੰਘ ਭਨਵਰਾ, ਕੁਲਦੀਪ ਸਿੰਘ ਸਮਾਣਾ, ਜਸਪਾਲ ਸਿੰਘ ਮਟੌਰ, ਰਾਜਿੰਦਰ ਪ੍ਰਸਾਦ ਸ਼ਰਮਾ (ਸਾਬਕਾ ਕੌਂਸਲਰ), ਜਗਜੀਤ ਸਿੰਘ ਗੋਵਿੰਦਗੜ੍ਹ, ਗੁਰਪ੍ਰੀਤ ਸਿੰਘ ਬਲਿਆਲੀ, ਅਕਵਿੰਦਰ ਸਿੰਘ ਗੋਸਲ, ਕਰਮਪੁਰੀ (ਸਰਪੰਚ ਗੋਵਿੰਦਗੜ੍ਹ), ਹਰਪਾਲ ਸਿੰਘ ਬਰਾੜ, ਗੁਰਪ੍ਰੀਤ ਸਿੰਘ ਕੁਰੜਾ, ਗੁਰਪਾਲ ਸਿੰਘ ਗਰੇਵਾਲ, ਰਵੀ ਮਹਿਰਾ, ਆਸ਼ਿਸ਼ ਅਗਰਵਾਲ, ਮਨਜੀਤ ਕੌਰ, ਨਿਸ਼ਾ ਸਚਦੇਵਾ, ਇਕਾਸ਼ਪਾਲ ਸਿੰਘ, ਪਰਵਿੰਦਰ ਸਿੰਘ, ਦਿਨੇਸ਼ ਸਚਦੇਵਾ ਅਤੇ ਗੌਰਵ ਖੰਨਾ ਹਾਜ਼ਰ ਸਨ।