ਚੰਡੀਗੜ੍ਹ 20 ਦਸੰਬਰ (ਖ਼ਬਰ ਖਾਸ ਬਿਊਰੋ)
ਕਿਸਾਨ ਭਵਨ ਚੰਡੀਗੜ੍ਹ ਵਿਖੇ ਕੌਮੀ ਇਨਸਾਫ ਮੋਰਚੇ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਮੋਰਚਿਆਂ ਦੇ ਆਗੂਆਂ ਤੋਂ ਇਲਾਵਾ ਪੰਥਕ ਜਥੇਬੰਦੀਆਂ, ਪੰਥਕ ਸ਼ਖਸ਼ੀਅਤਾਂ ਅਤੇ ਪੰਥਕ ਸੰਸਥਾਵਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਉੱਥੇ ਨਾਲ ਹੀ ਪੰਜਾਬ ਦੀਆਂ ਸਰਗਰਮ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 26 ਜਨਵਰੀ ਨੂੰ ਪੰਜਾਬ, ਭਾਰਤ ਅਤੇ ਪੂਰੀ ਦੁਨੀਆ ਵਿੱਚ ਕਾਲਾ ਦਿਵਸ ਮਨਾਉਣ, 7 ਜਨਵਰੀ ਨੂੰ ਮੋਹਾਲੀ ਕੌਮੀ ਇਨਸਾਫ ਮੋਰਚਾ ਵਿਖੇ ਸਜ਼ਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਭਾਰਤ ਦੀਆਂ ਜੇਲਾਂ ਵਿੱਚ ਬੰਦ ਰਾਜਨੀਤਿਕ ਬੰਦੀਆਂ ਦੀ ਰਿਹਾਈ ਲਈ ਵਿਸ਼ਾਲ ਕਾਨਫਰੰਸ ਕਰਨ, 2 ਜਨਵਰੀ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫਰੀ ਕਰਨ ਅਤੇ ਫਰਵਰੀ ਵਿੱਚ ਚੰਡੀਗੜ੍ਹ ਚ ਗਵਰਨਰ ਹਾਊਸ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ।

ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਜਸਟਿਸ ਰਣਜੀਤ ਸਿੰਘ, ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਲੁਧਿਆਣੇ ਦੇ ਮਸ਼ਹੂਰ ਸਨ੍ਹਅਤਕਾਰ ਤਰੁਣ ਜੈਨ ਜੀ ਬਾਵਾ, ਬਾਬਾ ਸੁਖਦੇਵ ਸਿੰਘ ਅਤੇ ਡਾਕਟਰ ਦਰਸ਼ਨ ਪਾਲ ਨੇ ਕੀਤੀ। ਗੁਰਦੀਪ ਸਿੰਘ ਬਠਿੰਡਾ ਨੇ ਮੀਟਿੰਗ ਦਾ ਸੰਚਾਲਨ ਕੀਤਾ।
ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਉਪਰੋਕਤ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ 50 ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਅਤੇ ਸਾਰਿਆਂ ਦੇ ਸੁਝਾਵਾਂ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਦੇ ਤਿੰਨ ਸਾਲ ਪੂਰੇ ਹੋਣ ਤੇ ਮੋਹਾਲੀ ਵਿਖੇ ਮੋਰਚੇ ਦੇ ਸਥਾਨ ਉੱਤੇ ਇੱਕ ਵਿਸ਼ਾਲ ਇਕੱਠ ਕੀਤਾ ਜਾਵੇਗਾ।
5 ਜਨਵਰੀ ਨੂੰ ਅਖੰਡ ਪਾਠ ਸ਼ੁਰੂ ਕੀਤਾ ਜਾਵੇਗਾ ਅਤੇ 7 ਜਨਵਰੀ ਨੂੰ ਭੋਗ ਪਾਉਣ ਉਪਰੰਤ ਵਿਸ਼ਾਲ ਕਾਨਫਰੰਸ ਬੰਦੀਆਂ ਦੀ ਰਿਹਾਈ ਲਈ ਕੀਤੀ ਜਾਵੇਗੀ। ਆਗੂਆਂ ਨੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਮੋਰਚੇ ਬਾਰੇ ਦੱਸਿਆ ਕਿ ਇਹ ਮੋਰਚਾ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਭਾਰਤ ਵਿੱਚ ਸਮੁੱਚੇ ਰਾਜਨੀਤਿਕ ਬੰਦੀਆਂ ਦੀ ਰਿਹਾਈ ਲਈ ਅਤੇ ਸਮੁੱਚੇ ਭਾਰਤ ਵਿੱਚ ਜੇਲ੍ਹਾਂ ਵਿੱਚ ਬੰਦ ਰਾਜਨੀਤਿਕ ਬੰਦੀਆਂ ਦੀ ਰਿਹਾਈ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਲਈ ਅਤੇ ਬੇਅਦਬੀਆਂ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਲਈ ਪਿਛਲੇ ਤਿੰਨ ਸਾਲਾਂ ਤੋਂ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ 5 ਜਨਵਰੀ 2023 ਤੋਂ ਚੱਲ ਰਿਹਾ ਹੈ।
ਉਹਨਾਂ ਅੱਗੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਮੋਰਚੇ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਕਰਕੇ ਅੱਜ ਮੀਟਿੰਗ ਨੇ ਫੈਸਲਾ ਲਿਆ ਹੈ ਕਿ 12 ਜਨਵਰੀ ਨੂੰ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4.00 ਵਜੇ ਤੱਕ ਖੋਲ੍ਹ ਦਿੱਤੇ ਜਾਣਗੇ ਅਤੇ ਫਿਰ ਦੋ ਹਫਤਿਆਂ ਦੀ ਤਿਆਰੀ ਮਗਰੋਂ 26 ਜਨਵਰੀ ਨੂੰ ਜਿੱਥੇ ਸਾਰੇ ਪੰਜਾਬ ਵਿੱਚ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ ਉਥੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਵੀ ਸੱਦਾ ਦਿੱਤਾ ਜਾਵੇਗਾ ਕਿ ਉਹ ਆਪੋ ਆਪਣੇ ਤਰੀਕੇ ਨਾਲ 26 ਜਨਵਰੀ ਨੂੰ ਕਾਲੇ ਦਿਨ ਦੇ ਤੌਰ ਤੇ ਮਨਾਉਣ। ਜੇਕਰ ਸਰਕਾਰਾਂ ਦੇ ਕੰਨ ਉੱਤੇ ਫਿਰ ਵੀ ਜੂੰ ਨਹੀਂ ਸਰਕਦੀ ਤਾਂ ਮੋਰਚਾ ਫਰਵਰੀ ਮਹੀਨੇ ਵਿੱਚ ਗਵਰਨਰ ਹਾਊਸ ਵੱਲ ਰੋਸ ਮਾਰਚ ਕਰੇਗਾ ਜਿਸ ਦੀ ਤਾਰੀਖ ਬਾਅਦ ਵਿੱਚ ਐਲਾਨੀ ਜਾਵੇਗੀ।
ਅੱਜ ਦੀ ਹੋਈ ਭਰਵੀਂ ਮੀਟਿੰਗ ਵਿੱਚ ਸ਼ਾਮਿਲ ਆਗੂਆਂ ਨੇ ਹੱਥ ਖੜੇ ਕਰਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਲੋਕ ਵਿਰੋਧੀ ਕਾਨੂੰਨਾਂ ਜਿਵੇਂ ਕਿ ਬਿਜਲੀ ਸੋਧ ਬਿਲ 2025, ਬੀਜ ਬਿੱਲ 2025, ਨਰੇਗਾ ਦਾ ਕਾਨੂੰਨ ਰੱਦ ਕਰਕੇ ਲਿਆਂਦਾ ਗਿਆ ਨਵਾਂ ਕਾਨੂੰਨ ਜੀ ਰਾਮ ਜੀ ਅਤੇ ਮਜ਼ਦੂਰਾਂ ਲਈ ਲਿਆਂਦੇ ਚਾਰ ਲੇਬਰ ਕੋਡ ਆਦੀ ਨੂੰ ਰੱਦ ਕਰਾਉਣ ਲਈ ਜਨਤਕ ਅੰਦੋਲਨ ਕਰ ਰਹੇ ਕਿਸਾਨ ਮਜ਼ਦੂਰ ਮੋਰਚਿਆਂ ਨੂੰ ਸਹਿਯੋਗ ਦੇਣ ਦੇ ਨਾਲ ਨਾਲ ਭਾਰਤ ਪਾਕਿਸਤਾਨ ਲਾਂਘਾ ਖੋਲਣ ਦੀ ਵੀ ਮੰਗ ਕੀਤੀ।
ਮੀਟਿੰਗ ਵਿੱਚ ਹਾਜ਼ਰ ਜਸਟਿਸ ਰਣਜੀਤ ਸਿੰਘ ,ਸਰਪ੍ਰਸਤ ਗੁਰਚਰਨ ਸਿੰਘ ਪਟਿਆਲਾ , ਗੁਰਦੀਪ ਸਿੰਘ ਬਠਿੰਡਾ ਮੁੱਖ ਬੁਲਾਰਾ ਕੌਮੀ ਇਨਸਾਫ਼ ਮੋਰਚਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਯੂਨਾਈਟਡ ਅਕਾਲੀ ਦਲ ਦੇ ਰਸ਼ਪਾਲ ਸਿੰਘ ਚੰਡੀਗੜ੍ਹ ,ਮਨਜਿੰਦਰ ਸਿੰਘ ਮੋਹਾਲੀ ਅਕਾਲੀ ਦਲ ਵਾਰਸ ਪੰਜਾਬ ਦੇ ਸੁਖਬੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ, ਪੰਥਕ ਆਗੂ ਕਰਨੈਲ ਸਿੰਘ ਪੰਜੋਲੀ, ਪਰਮਜੀਤ ਸਿੰਘ ਸਹੋਲੀ ,ਬਾਬਾ ਸੁਖਦੇਵ ਸਿੰਘ ਨਾਨਕਸਰ ਵਾਲੇ ,ਬਾਬਾ ਕੁਲਵਿੰਦਰ ਸਿੰਘ ਨਿਹੰਗ ਸਿੰਘ ਮੁਖੀ ਦਲ ਖਾਲਸਾ ਦੇ ਜਸਵੀਰ ਸਿੰਘ ਖੰਡੂਰ, ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਬਲਦੇਵ ਸਿੰਘ ਜੀਰਾ, ਡਾਕਟਰ ਦਰਸ਼ਨ ਪਾਲ , ਗੁਰਿੰਦਰ ਸਿੰਘ ਭੰਗੂ ,ਹਰਿਆਣਾ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮਨੋਜ ਸ਼ੇਰਾਵਤ,ਦਰਵੇਸ਼ ਬਹਿਰੂ ਜੀ ਦੀ ਜਥੇਬੰਦੀ ਦੇ ਆਗੂ, ਲੋਕ ਅਧਿਕਾਰ ਲਹਿਰ ਦੇ ਬਲਵਿੰਦਰ ਸਿੰਘ, ਮੋਰਚੇ ਦੀ ਪ੍ਰਬੰਧਕ ਕਮੇਟੀ ਦੇ ਪਾਲ ਸਿੰਘ ਘੜੂੰਆਂ , ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ,ਬਲਜੀਤ ਸਿੰਘ ਭਾਉ, ਜੀਤ ਸਿੰਘ ਔਲਖ ਤੋ ਇਲਾਵਾ ਤਰੁਣ ਜੈਨ ਬਾਵਾ, ਪਰਮਿੰਦਰ ਸਿੰਘ ਮਲੋਆ, ਬੀਬੀ ਰਜਿੰਦਰ ਕੌਰ ਸਰਾਂ, ਮੱਖਣ ਸਿੰਘ ਮਾਨਸਾ ਬਾਬਾ ਬਲਦੇਵ ਸਿੰਘ ਮਾਨਸਾ, ਆਦਿ ਵੱਡੀ ਗਿਣਤੀ ਵਿੱਚ ਨੁਮਾਇੰਦੇ ਸ਼ਾਮਿਲ ਸਨ l