ਮੋਹਾਲੀ, 14 ਅਗਸਤ (ਖ਼ਬਰ ਖਾਸ ਬਿਊਰੋ)
ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਵੋਟਾਂ ਕੱਟੇ ਜਾਣ ਦੇ ਵਿਰੋਧ ਵਜੋਂ ਅਤੇ ਕਾਂਗਰਸ ਵਲੋਂ ਚਲਾਏ ਗਏ ਵੋਟ ਚੋਰੀ ਮੁਹਿੰਮ ਤਹਿਤ ਅੱਜ ਕੈਂਡਲ ਮਾਰਚ ਵਿੱਚ ਕੱਢਿਆ ਗਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ,ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਾਲ ਮੋਹਾਲੀ ਵਿੱਚ ਮਾਰਚ ਦੀ ਅਗਵਾਈ ਕੀਤੀ।
ਇਸ ਦੌਰਾਨ ਮੋਹਾਲੀ ਵਿੱਚ ਹਜ਼ਾਰਾਂ ਲੋਕ ਮਾਰਚ ਦੌਰਾਨ ਸ਼ਾਮਲ ਹੋਏ। ਉਹ ਭਾਜਪਾ ਅਤੇ ਚੋਣ ਕਮਿਸ਼ਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪੂਰੇ ਵੇਰਵਿਆਂ ਅਤੇ ਪੁਖਤਾ ਸਬੂਤਾਂ ਨਾਲ ਭਾਜਪਾ ਵੱਲੋਂ ਕੀਤੀ ਗਈ ਵੋਟ ਚੋਰੀ ਦਾ ਪਰਦਾਫਾਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਭਾਰਤੀ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਕੇ ਮਹਾਰਾਸ਼ਟਰ ਵਿੱਚ 70 ਲੱਖ ਤੋਂ ਵੱਧ ਵੋਟਾਂ ਜੋੜੀਆਂ ਸਨ, ਜਿਸ ਨਾਲ ਇਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਬਾਵਜੂਦ ਇਸਦੇ ਕਿ ਸਿਰਫ਼ ਛੇ ਮਹੀਨੇ ਪਹਿਲਾਂ ਪਾਰਲੀਮੈਂਟ ਚੋਣਾਂ ਵਿੱਚ ਲੋਕਾਂ ਵੱਲੋਂ ਇਹਨਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਹੁਣ ਬਿਹਾਰ ਵਿੱਚ ਦਲਿਤ, ਘੱਟ ਗਿਣਤੀ ਅਤੇ ਮਜ਼ਦੂਰ ਵਰਗ ਦੇ 65 ਲੱਖ ਵੋਟਰਾਂ ਨੂੰ ਵੋਟ ਪਾਉਣ ਤੋਂ ਵਾਂਝਾ ਕਰਕੇ ਉਸੇ ਚੀਜ਼ ਨੂੰ ਇੱਕ ਵੱਖਰੇ ਤਰੀਕੇ ਨਾਲ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਨ੍ਹਾਂ ਬਾਰੇ ਭਾਜਪਾ ਸੋਚਦੀ ਹੈ ਕਿ ਇਹ ਕਦੇ ਵੀ ਉਸਨੂੰ ਵੋਟ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਹੁਣ ਚੋਣ ਕਮਿਸ਼ਨ ਨੂੰ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਹਟਾਏ ਗਏ ਵੋਟਰਾਂ ਦੀ ਸੂਚੀ ਜਾਰੀ ਕਰਨ ਲਈ ਕਿਹਾ ਹੈ।
ਵੜਿੰਗ ਨੇ ਕਿਹਾ ਕਿ ਕੈਂਡਲ ਮਾਰਚ ਵਿੱਚ ਲੋਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਉਨ੍ਹਾਂ ਦੀ ਜਾਗਰੂਕਤਾ ਅਤੇ ਚਿੰਤਾ ਨੂੰ ਦਰਸਾਉਂਦੀ ਹੈ ਕਿ ਭਾਜਪਾ ਵੋਟ ਚੋਰੀ ਕਰਨ ਲਈ ਸੱਤਾ ਦੀ ਦੁਰਵਰਤੋਂ ਅਤੇ ਧੋਖੇ ਦਾ ਸਹਾਰਾ ਲੈ ਰਹੀ ਹੈ।