ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਵਿਚ ਨਾਬਾਲਗ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ, 8 ਅਗਸਤ (ਖ਼ਬਰ ਖਾਸ ਬਿਊਰੋ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਗ ਸਮੇਤ ਦੋ ਮੁਲਜ਼ਮਾਂ ਨੂੰ 24 ਘੰਟਿਆਂ ਅੰਦਰ ਗ੍ਰਿਫਤਾਰ ਕਰਕੇ ਜਨਤਕ ਥਾਵਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਸਬੰਧੀ ਕੇਸ ਨੂੰ ਸੁਲਝਾ ਲਿਆ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਸ਼ਹਿਰ ਵਿੱਚ ਤਿੰਨ ਥਾਵਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਪਾਏ ਗਏ। ਦੱਸਣਯੋਗ ਹੈ ਕਿ ਅਮਰੀਕਾ ਸਥਿਤ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ।

ਹੋਰ ਪੜ੍ਹੋ 👉  ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਖੇ ਹੋਏ ਨਤਮਸਤਕ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਬਟਾਲਾ ਦੇ ਦਰਗਾਬਾਦ ਪਿੰਡ ਦਾ ਰਹਿਣ ਵਾਲਾ ਜਸ਼ਨਪ੍ਰੀਤ ਸਿੰਘ (22) ਅਤੇ ਇੱਕ 17 ਸਾਲਾ ਨਾਬਾਲਗ ਸ਼ਾਮਲ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਵਿਦੇਸ਼-ਅਧਾਰਤ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਮਾਨ ਦੇ ਸੰਪਰਕ ਵਿੱਚ ਸਨ, ਜਿਸ ਨੇ ਉਨ੍ਹਾਂ ਨੂੰ ਗੁਰਪਤਵੰਤ ਪੰਨੂ ਦੇ ਨਿਰਦੇਸ਼ਾਂ ‘ਤੇ ਇਹ ਕਾਰਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਆਪਣੇ ਸੰਚਾਲਕਾਂ ਤੋਂ ਨਿਰਦੇਸ਼ ਮਿਲਣ ਉਪਰੰਤ ਸੋਸ਼ਲ ਮੀਡੀਆ ਮੋਬਾਈਲ-ਐਪ ਸਨੈਪਚੈਟ ਤੋਂ ਡਿਜ਼ਾਈਨ ਦੇਖ ਕੇ ਇਹ ਖਾਲਿਸਤਾਨ-ਪੱਖੀ ਨਾਅਰੇ ਲਿਖਣ ਦੀ ਕਾਰਵਾਈ ਨੂੰ ਅੰਜ਼ਾਮ ਦਿੱਤਾ, ਪਰ ਉਨ੍ਹਾਂ ਨੂੰ ਵਾਅਦੇ ਅਨੁਸਾਰ ਆਪਣੇ ਕੰਮ ਦਾ ਭੁਗਤਾਨ ਨਹੀਂ ਕੀਤਾ ਗਿਆ।

ਹੋਰ ਪੜ੍ਹੋ 👉  ਰੁੱਤ ਵਾਅਦਿਆਂ ਦੀ ਆਈ, ਵੜਿੰਗ ਨੇ ਕੀਤਾ ਕੱਚੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪੱਕਾ ਕਰਨ ਦਾ ਵਾਅਦਾ

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਡੀਸੀਪੀ ਰਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਜਾਂਚ ਟੀਮ ਜਿਸ ਵਿੱਚ ਏਡੀਸੀਪੀ ਜਗਬਿੰਦਰ ਸਿੰਘ, ਏਡੀਸੀਪੀ ਹਰਪਾਲ ਸਿੰਘ, ਏਸੀਪੀ ਹਰਮਿੰਦਰ ਸਿੰਘ, ਏਸੀਪੀ ਸ਼ਿਵਦਰਸ਼ਨ ਸਿੰਘ ਅਤੇ ਇੰਸਪੈਕਟਰ ਅਮੋਲਕ ਸਿੰਘ (ਇੰਚਾਰਜ ਸੀਆਈਏ), ਇੰਸਪੈਕਟਰ ਮੋਹਿਤ ਕੁਮਾਰ (ਐਸਐਚਓ ਛਾਉਣੀ), ਇੰਸਪੈਕਟਰ ਗੁਰਪ੍ਰੀਤ ਸਿੰਘ (ਐਸਐਚਓ ਸਿਵਲ ਲਾਈਨਜ਼), ਇੰਸਪੈਕਟਰ ਅਮਨਦੀਪ ਕੌਰ (ਐਸਐਚਓ ਏ ਡਿਵੀਜ਼ਨ) ਸ਼ਾਮਲ ਸਨ, ਨੇ ਮੁਲਜ਼ਮਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫੜਨ ਦੀ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਲੁਭਾਉਣ ਲਈ ਖਾਲਿਸਤਾਨ ਪੱਖੀ ਨਾਅਰੇ ਲਿਖਣ ਬਦਲੇ ਪੈਸੇ ਦਾ ਲਾਲਚ ਦਿੱਤਾ ਗਿਆ ਸੀ, ਜੋ ਉਨ੍ਹਾਂ ਨੂੰ ਕਦੇ ਮਿਲੇ ਹੀ ਨਹੀਂ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜਸ਼ਨਪ੍ਰੀਤ ਨੇ ਨਾਬਾਲਗ ਵਿਅਕਤੀ ਨਾਲ ਮਿਲ ਕੇ ਬਟਾਲਾ ਤੋਂ ਸਪਰੇਅ ਪੇਂਟ ਖਰੀਦਿਆ ਅਤੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ, ਜਿਸ ਉਪਰੰਤ ਉਨ੍ਹਾਂ ਵੱਲੋਂ ਸਬੂਤ ਵਜੋਂ ਸ਼ੇਰਾ ਮਾਨ ਨਾਲ ਇਸ ਕਾਰਵਾਈ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ।

ਹੋਰ ਪੜ੍ਹੋ 👉  ਕਾਂਗਰਸ ਦੇ ਝੂਠ ਦਾ ਚੋਣ ਕਮਿਸ਼ਨ ਦੇ ਸਾਂਝੇ ਬਿਆਨ ਨੇ ਭੰਨਿਆ ਭਾਂਡਾ-ਢਿੱਲੋਂ

ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਬਾਰੇ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਥਾਣਿਆਂ ਕੰਟੋਨਮੈਂਟ, ਡਿਵੀਜ਼ਨ-ਏ ਅਤੇ ਸਿਵਲ ਲਾਈਨਜ਼ ਵਿਖੇ ਤਿੰਨ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *