’ਆਪ’ ਸਰਕਾਰ ਦੀ “ਇੱਕ ਦਿਨ, ਡੀ.ਸੀ./ਐਸ.ਐਸ.ਪੀ. ਦੇ ਸੰਗ” ਪਹਿਲਕਦਮੀ ਸਦਕਾ ਵਿਦਿਆਰਥੀਆਂ ਨੂੰ ਮਿਲਿਆ ਵਿਲੱਖਣ ਤਜਰਬਾ

ਚੰਡੀਗੜ੍ਹ, 28 ਮਈ (ਖਬਰ ਖਾਸ ਬਿਓਰੂ)-

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 10ਵੀਂ ਤੇ 12ਵੀਂ ਜਮਾਤ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਸ਼ੁਰੂ ਕੀਤੀ “ਇੱਕ ਦਿਨ, ਡੀ.ਸੀ./ਐਸ.ਐਸ.ਪੀ. ਦੇ ਸੰਗ” ਪਹਿਲਕਦਮੀ ਤਹਿਤ ਅੱਜ ਸੱਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੇ ਸਰਕਾਰੀ ਸਕੂਲਾਂ ਦੇ ਟਾਪਰ ਵਿਦਿਆਰਥੀਆਂ ਨਾਲ ਇਕ ਦਿਨ ਬਿਤਾਇਆ, ਜਿਸ ਦੌਰਾਨ ਉਨ੍ਹਾਂ ਨੂੰ ਜਨਤਕ ਪ੍ਰਸ਼ਾਸਨ, ਲੀਡਰਸ਼ਿਪ ਅਤੇ ਪ੍ਰਸ਼ਾਸਨ ਦੀਆਂ ਪੇਚੀਦਗੀਆਂ ਬਾਰੇ ਵੱਡਮੁੱਲੀ ਸੂਝ ਪ੍ਰਦਾਨ ਕੀਤੀ ਗਈ।

ਇਸ ਵਿਲੱਖਣ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ, ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਅਰਥਪੂਰਨ ਤਰੀਕੇ ਨਾਲ ਮਾਨਤਾ ਦੇਣਾ ਅਤੇ ਸਨਮਾਨਿਤ ਕਰਨਾ ਹੈ।

ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ 10ਵੀਂ ਜਮਾਤ ਦੀ ਮੁਸਕਾਨ, ਸੰਤੋਸ਼ ਤੇ ਜਾਗ੍ਰਿਤੀ ਅਤੇ 12ਵੀਂ ਜਮਾਤ ਦੀ ਪ੍ਰਿਆ, ਹਰਮਨਦੀਪ ਕੌਰ ਅਤੇ ਅਨੁਦੀਪ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨਾਲ ਇੱਕ ਦਿਨ ਬਿਤਾਉਣ ਦਾ ਮੌਕਾ ਮਿਲਿਆ। ਇਸ ਦੌਰਾਨ, ਵਿਦਿਆਰਥੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮਕਾਜ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਵੱਖ-ਵੱਖ ਸਰਕਾਰੀ ਦਫਤਰਾਂ ਦਾ ਦੌਰਾ ਕਰਨ ਤੋਂ ਇਲਾਵਾ ਭਾਗਸਰ ਅਤੇ ਕੁਲਾਰ ਪਿੰਡਾਂ ਵਿੱਚ ਕਰਵਾਏ ਗਏ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਧੂ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਟੈਬਲੇਟ ਡਿਵਾਈਸਾਂ ਨਾਲ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਸਿੱਖਿਆ ਮੰਤਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਰੀਦਕੋਟ, ਸ੍ਰੀਮਤੀ ਪੂਨਮਦੀਪ ਕੌਰ ਨੇ 12ਵੀਂ ਜਮਾਤ ਦੇ ਜ਼ਿਲ੍ਹੇ ਦੀ ਟਾਪਰ ਦਿਲਜੀਤ ਕੌਰ, ਨਵਪ੍ਰੀਤ ਕੌਰ ਅਤੇ ਕੁਲਦੀਪ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਡੀ.ਸੀ. ਦਫ਼ਤਰ ਦਾ ਵਿਆਪਕ ਦੌਰਾ ਕਰਵਾਇਆ। ਇਸ ਦੌਰਾਨ, ਸੀਨੀਅਰ ਸੁਪਰਡੈਂਟ ਆਫ ਪੁਲਿਸ ਡਾ. ਪ੍ਰਗਿਆ ਜੈਨ ਨੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਅਕਸ਼ਨੂਰ ਕੌਰ, ਜਸ਼ਨਪ੍ਰੀਤ ਕੌਰ ਅਤੇ ਗੁਰਲੀਨ ਕੌਰ ਨਾਲ ਦਿਨ ਬਿਤਾਇਆ ਅਤੇ ਉਨ੍ਹਾਂ ਨੂੰ ਕਾਨੂੰਨ ਲਾਗੂਕਰਨ ਦੇ ਖੇਤਰ ਅਤੇ ਜਨਤਕ ਵਿਵਸਥਾ ਬਰਕਰਾਰ ਰੱਖਣ ਵਿੱਚ ਪੁਲਿਸ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਦਿੱਤੀ।

ਡਿਪਟੀ ਕਮਿਸ਼ਨਰ ਪਠਾਨਕੋਟ, ਸ੍ਰੀ ਆਦਿਤਿਆ ਉੱਪਲ ਨੇ ਜ਼ਿਲ੍ਹੇ ਦੇ 12ਵੀਂ ਜਮਾਤ ਦੇ ਮੈਡੀਕਲ ਤੇ ਨਾਨ ਮੈਡੀਕਲ ਸਟ੍ਰੀਮ ਦੇ ਟਾਪਰ ਵਿਦਿਆਰਥੀ ਕਾਮਿਨੀ ਸ਼ਰਮਾ (98.2%), ਹਿਨਾ (97.2%) ਅਤੇ 10ਵੀਂ ਜਮਾਤ ਦੀ ਟਾਪਰ ਮਾਨਸੀ ਦੇਵੀ (97.07%) ਨਾਲ ਦਿਨ ਬਿਤਾਇਆ ਅਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦਾ ਦੌਰਾ ਕਰਵਾਇਆ ਅਤੇ ਵੱਖ-ਵੱਖ ਕਾਰਜਾਂ ਤੋਂ ਜਾਣੂ ਕਰਵਾਇਆ।

ਲੁਧਿਆਣਾ ਜ਼ਿਲ੍ਹੇ ਦੇ ਟਾਪਰ ਵਿਦਿਆਰਥੀਆਂ ਅਮਨਦੀਪ ਕੌਰ, ਤਰਨਵੀਰ ਸਿੰਘ ਅਤੇ ਨਿਹਾਰਿਕਾ ਗੁਜਰਾਲ ਨੇ ਐਸ.ਐਸ.ਪੀ. ਖੰਨਾ ਡਾ. ਜਯੋਤੀ ਯਾਦਵ ਬੈਂਸ ਨਾਲ ਗਿਆਨ ਭਰਪੂਰ ਦਿਨ ਬਿਤਾਇਆ। ਉਨ੍ਹਾਂ ਨੇ ਪੁਲਿਸ ਦੇ ਕੰਮ-ਕਾਜ ਅਤੇ ਵੱਖ-ਵੱਖ ਪਹਿਲਕਦਮੀਆਂ ਬਾਰੇ ਪ੍ਰਤੱਖ ਗਿਆਨ ਪ੍ਰਾਪਤ ਕੀਤਾ, ਜਿਸ ਵਿੱਚ ਏਕੀਕ੍ਰਿਤ ਕਮਾਂਡ ਸੈਂਟਰ ਅਤੇ ਟ੍ਰੈਫਿਕ ਸੈੱਲ ਦਾ ਦੌਰਾ ਸ਼ਾਮਲ ਸੀ। ਵਿਦਿਆਰਥੀਆਂ ਨੇ ਪੰਜਾਬ ਪੁਲਿਸ ਦੀ ਮਹਿਲਾ ਮਿੱਤਰ ਪਹਿਲਕਦਮੀ ਅਤੇ ਡਿਜੀਟਲ ਮੈਪ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਐਸ.ਐਸ.ਪੀ. ਬੈਂਸ ਨੇ ਇੱਕ ਆਈ.ਪੀ.ਐਸ. ਅਧਿਕਾਰੀ ਵਜੋਂ ਆਪਣੀ ਪ੍ਰੇਰਨਾਦਾਇਕ ਯਾਤਰਾ ਨੂੰ ਵੀ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਦ੍ਰਿੜਤਾ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਇਸ ਤੋਂ ਇਲਾਵਾ, ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਡਾ. ਅਖਿਲ ਚੌਧਰੀ ਨੇ ਜ਼ਿਲ੍ਹੇ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟਾਪਰ ਵਿਦਿਆਰਥੀ ਸਾਕਸ਼ੀ, ਰਿਤਿਕਾ, ਰੂਹਾਨੀ, ਗੁਰਲੀਨ ਕੌਰ, ਸਕੀਨਾ ਖਾਤੂਨ ਅਤੇ ਅਸਨਤ ਨਾਲ ਦਿਨ ਬਿਤਾਇਆ ਅਤੇ ਉਨ੍ਹਾਂ ਨੇ ਆਪਣੇ ਰੋਜ਼ਾਨਾ ਦੇ ਕੰਮ-ਕਾਜ ਅਤੇ ਪੁਲਿਸਿੰਗ ਦੇ ਬਹੁਪੱਖੀ ਤਜ਼ਰਬਿਆਂ ਬਾਰੇ ਦੱਸਿਆ। ਵਿਦਿਆਰਥੀਆਂ ਨੇ ਪੁਲਿਸ ਕੰਟਰੋਲ ਰੂਮ ਅਤੇ ਐਸ.ਐਸ.ਪੀ. ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਦੌਰੇ ਦੌਰਾਨ ਪੁਲਿਸ ਬਾਰੇ ਵਿਹਾਰਕ ਸੂਝ ਪ੍ਰਾਪਤ ਕੀਤੀ। ਇਸ ਉਪਰੰਤ ਇੱਕ ਵਿਚਾਰ-ਵਟਾਂਦਰੇ ਦੇ ਸੈਸ਼ਨ ਦੌਰਾਨ ਡਾ. ਚੌਧਰੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੜ੍ਹਾਈ ਦੇ ਨਾਲ ਨਾਲ ਹੋਰ ਉਸਾਰੂ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਦੇ ਨਾਲ-ਨਾਲ ਅਕਾਦਮਿਕ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਟਾਪਰ ਪ੍ਰਨੀਤ ਕੌਰ (99 ਫ਼ੀਸਦ), ਸ਼ਹਿਨਾਜ਼ ਖਾਨ (98.40 ਫ਼ੀਸਦ), ਮੀਨਲ (97.20 ਫ਼ੀਸਦ) ਅਤੇ ਲਵਿਸ਼ ਕੁਮਾਰ (96.8 ਫ਼ੀਸਦ) ਨੂੰ ਸਰਕਾਰੀ ਦਫ਼ਤਰਾਂ ਦਾ ਦੌਰਾ ਕਰਵਾਇਆ। ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪੇਂਡੂ ਲਾਇਬ੍ਰੇਰੀ ਦਾ ਦੌਰਾ ਕੀਤਾ ਅਤੇ ਪ੍ਰਸ਼ਾਸਨ ਬਾਰੇ ਵੱਡਮੁੱਲੀ ਸੂਝ ਪ੍ਰਾਪਤ ਕੀਤੀ। ਡਾ. ਥਿੰਦ ਨੇ ਆਪਣੀ ਪ੍ਰੇਰਨਾਦਾਇਕ ਯਾਤਰਾ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਟਾਪਰਾਂ ਨੂੰ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਵੀਆਂ ਬੁਲੰਦੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

ਓਲੰਪੀਅਨ ਅਤੇ ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਮਲੇਰਕੋਟਲਾ ਜ਼ਿਲ੍ਹੇ ਦੇ 10ਵੀਂ ਜਮਾਤ ਦੇ ਟਾਪਰਾਂ ਨਾਲ ਦਿਨ ਬਿਤਾਇਆ। ਐਸ.ਐਸ.ਪੀ. ਨੇ ਹਾਕੀ ਤੋਂ ਆਈ.ਪੀ.ਐਸ. ਤੱਕ ਦੇ ਆਪਣੇ ਪ੍ਰੇਰਨਾਦਾਇਕ ਸਫ਼ਰ ਨੂੰ ਸਾਂਝਾ ਕੀਤਾ, ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਵਿਲੱਖਣ ਪਹਿਲਕਦਮੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਭਵਿੱਖ ਦੇ ਆਗੂ ਬਣਨ ਲਈ ਪ੍ਰੇਰਿਤ ਕਰਨ ਵਾਸਤੇ ਅਸਲ-ਸੰਸਾਰ ਦਾ ਅਨੁਭਵ ਪ੍ਰਦਾਨ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

Leave a Reply

Your email address will not be published. Required fields are marked *