ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ
ਸੰਗਰੂਰ ਨੂੰ ਸਨਅਤੀ ਹੱਬ ਬਣਾਵਾਂਗੇ: ਮੀਤ ਹੇਅਰ
ਆਪ ਸਰਕਾਰ ਨੇ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਉਦਯੋਗ ਪੱਖੀ ਮਾਹੌਲ ਸਿਰਜਿਆ
ਸੰਗਰੂਰ, 10 ਮਈ (ਖ਼ਬਰ ਖਾਸ ਬਿਊਰੋ)
ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਵੱਡੇ ਇਕੱਠ ਕਰਕੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਐਮ ਐਲ ਏ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚੋਂ ਬੀਤੀ ਦੇਰ ਸ਼ਾਮ ਇੰਡਸਟਰੀਅਲ ਚੈਂਬਰ, ਆੜ੍ਹਤੀਆ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ ਤੇ ਪੋਲਟਰੀ ਫਾਰਮ ਐਸੋਸੀਏਸ਼ਨ ਦੇ ਹੋਏ ਵੱਡੇ ਇਕੱਠਾਂ ਵਿੱਚ ਉਨ੍ਹਾਂ ਮੀਤ ਹੇਅਰ ਨੂੰ ਆਗਾਮੀ ਚੋਣ ਲਈ ਭਰਪੂਰ ਸਮਰਥਨ ਦਾ ਫੈਸਲਾ ਕੀਤਾ।
ਕੈਬਨਿਟ ਮੰਤਰੀ ਮੀਤ ਹੇਅਰ ਨੇ ਸਮੂਹ ਐਸੋਸੀਏਸ਼ਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ ਉੱਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰੇਗਾ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮੱਦਦ ਮਿਲੇਗੀ। ਇਸ ਦੇ ਨਾਲ ਕੇਂਦਰ ਵਿੱਚ ਆਪ ਦੇ ਸਹਿਯੋਗ ਨਾਲ ਬਣਨ ਜਾ ਰਹੀ ਸਰਕਾਰ ਵੀ ਉਨ੍ਹਾਂ ਲਈ ਕੰਮ ਕਰੇਗੀ। ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਨੂੰ ਸਨਅਤੀ ਹੱਬ ਬਣਾਇਆ ਜਾਵੇਗਾ ਅਤੇ ਉਦਯੋਗਾਂ ਅਤੇ ਸਵੈ-ਚਲਿਤ ਲਘੂ ਉਦਯੋਗਾਂ ਨੂੰ ਸਥਾਪਤ ਕਰਨ ਲਈ ਸਾਜਗਾਰ ਮਾਹੌਲ ਸਿਰਜਿਆ ਜਾਵੇਗਾ।
ਮੀਤ ਹੇਅਰ ਨੇ ਕਿਹਾ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਨਅਤਕਾਰ ਮਿਲਣੀਆਂ ਕਰਵਾ ਕੇ ਉਦਯੋਗਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਨਿਵੇਸ਼ ਪੱਖੀ ਮਾਹੌਲ ਸਿਰਜਿਆ ਗਿਆ। ਇਨਵੈਸਟਮੈਂਟ ਸੰਮੇਲਨ ਦੇ ਚੰਗੇ ਨਤੀਜੇ ਸਾਹਮਣੇ ਆਏ ਅਤੇ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਆਪਣੇ ਯੂਨਿਟ ਸਥਾਪਤ ਕਰ ਰਹੀਆਂ ਹਨ। ਪਾਰਦਰਸ਼ੀ ਤੇ ਸੁਖਾਲੀਆਂ ਸੇਵਾਵਾਂ ਦੇਣਾ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਦੀ ਪ੍ਰਮੁੱਖ ਪਹਿਲ ਹੈ। ਆਪ ਸਰਕਾਰ ਸੂਬੇ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਨ ਅਤੇ ਸੂਬਾ ਵਾਸੀਆਂ ਨੂੰ ਉਨ੍ਹਾਂ ਨੂੰ ਪੈਰਾਂ ਉਤੇ ਖੜ੍ਹੇ ਕਰਨ ਲਈ ਉਦਯੋਗ ਪੱਖੀ ਮਾਹੌਲ ਸਿਰਜ ਰਹੀ ਹੈ।
ਸੰਗਰੂਰ ਵਿਖੇ ਇੰਡਸਟਰੀਅਲ ਚੈਂਬਰ ਅਤੇ ਪੋਲਟਰੀ ਫਾਰਮ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਤੋਂ ਆਪ ਉਮੀਦਵਾਰ ਨੂੰ ਸਾਥ ਮਿਲ ਰਿਹਾ ਹੈ।
ਦਿੜ੍ਹਬਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆੜ੍ਹਤੀਆ ਐਸੋਸੀਏਸ਼ਨ ਤੇ ਸ਼ੈਲਰ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਕਿਹਾ ਕਿ ਸਾਡੀ ਸਰਕਾਰ ਦੀ ਇਹੋ ਕੋਸ਼ਿਸ਼ ਹੈ ਕਿ ਫਸਲ ਦੀ ਖਰੀਦ ਦੇ ਸੀਜ਼ਨ ਵਿੱਚ ਕਿਸਾਨ, ਮਜ਼ਦੂਰ ਤੋਂ ਲੈ ਕੇ ਇਸ ਨਾਲ ਜੁੜਿਆ ਕੋਈ ਵੀ ਵਿਅਕਤੀ ਖੱਜਲ ਖ਼ੁਆਰ ਨਾ ਹੋਵੇ। ਐਸੋਸੀਏਸ਼ਨਾਂ ਸਰਕਾਰ ਦੇ ਮੰਡੀਕਰਨ ਤੋਂ ਬਹੁਤ ਖੁਸ਼ ਸਨ।