ਬਸਪਾ ਆਗੂਆਂ ਨੇ ਰਾਜਪਾਲ ਨੂੰ ਕਿਹਾ, ਗਰੀਬ ਥਾਣਿਆਂ ਚ ਰੁਲਦਾ, ਸਰਕਾਰ ਹੈ ਦਲਿਤ ਵਿਰੋਧੀ

ਚੰਡੀਗੜ੍ਹ 17 ਜੁਲਾਈ, (ਖ਼ਬਰ ਖਾਸ ਬਿਊਰੋ)

ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਅਗਵਾਈ ਹੇਠ ਬਸਪਾ ਦਾ ਚਾਰ ਮੈਂਬਰੀ ਵਫਦ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ। ਵਫ਼ਦ ਨੇ  ਛੇ ਨੁਕਤਿਆਂ ਤੇ ਮੰਗ  ਪੱਤਰ ਦਿੰਦੇ ਹੋਏ ਰਾਜਪਾਲ ਨੂੰ ਦੱਸਿਆ ਕਿ ਆਪ ਸਰਕਾਰ ਦਲਿਤ ਵਿਰੋਧੀ ਹੈ। ਗਰੀਬ ਵਰਗ ਥਾਣਿਆਂ ਵਿਚ ਰੁਲ ਰਿਹਾ ਹੈ। ਵਫਦ ਵਿੱਚ ਵਿਧਾਇਕ ਡਾਕਟਰ ਨਛੱਤਰ ਪਾਲ ਅਜੀਤ ਸਿੰਘ ਭੈਣੀ, ਬਲਦੇਵ ਸਿੰਘ ਮਹਿਰਾ ਵੀ ਸ਼ਾਮਲ ਸਨ।

ਜਸਵੀਰ ਗੜੀ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜਾਤਪਾਤ ਕਾਰਨ ਗਰੀਬਾਂ ਉਤੇ  ਜੁਲਮ ਵੱਧ ਰਹੇ ਹਨ। ਆਮ ਆਦਮੀ ਪਾਰਟੀ ਦੇ ਜਾਤੀਵਾਦੀ ਨਜ਼ਰੀਏ ਕਾਰਨ ਪੰਜਾਬ ਪੁਲਿਸ ਗਰੀਬਾਂ ਦੀ ਸੁਰੱਖਿਆ ਕਰਨ ਤੋਂ ਭੱਜ ਰਹੀ ਹੈ। ਉਨਾਂ ਕਿਹਾ ਕਿ ਤਮਿਲਨਾਡੂ ਸੂਬੇ ਦੇ ਬਸਪਾ ਪ੍ਰਧਾਨ ਕੇ.ਆਰਮਸਟਰਾਂਗ ਦੇ ਕਤਲ ਦੀ ਸਾਜਿਸ਼ ਨੂੰ ਬੇਨਕਾਬ ਕਰਨ ਲਈ ਕੇਂਦਰੀ ਜਾਂਚ ਏਜੰਸੀ (ਸੀਬੀਆਈ ) ਤੋਂ ਜਾਂਚ ਕਰਵਾਈ ਜਾਵੇ।

ਹੋਰ ਪੜ੍ਹੋ 👉  ਬਟਾਲਾ ਹਲਕੇ ਦੀਆਂ ਵਾਰਡਾਂ  ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੈਲਥ ਕਾਰਡ ਬਣਾਉਣ ਵਿਸ਼ੇਸ਼ ਕੈਂਪ

ਗੜੀ ਨੇ ਕਿਹਾ ਕਿ ਜਦੋਂ ਗਰੀਬਾਂ, ਦਲਿਤਾਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਇਨਸਾਫ ਦੇਣ  ਦੀ ਜਰੂਰਤ ਹੁੰਦੀ ਹੈ ਤਾਂ ਪੰਜਾਬ ਪੁਲਿਸ ਇਨਕੁਆਇਰੀ, ਸਿੱਟ ਅਤੇ ਲੀਗਲ ਐਡਵਾਈਜ਼ ਦੇ ਨਾਮ ਉਤੇ ਗਰੀਬਾਂ ਨੂੰ ਇਨਸਾਫ ਦੇਣ ਤੋਂ ਆਨਾਕਾਨੀ ਕਰਦੀ ਹੈ। ਪੰਜਾਬ ਪੁਲਿਸ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਪੰਜਾਬ ਨਸ਼ਿਆਂ ਅਤੇ ਗੈਂਗਵਾਰ ਦਾ ਘਰ ਬਣ ਚੁੱਕਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 30 ਮਹੀਨਿਆਂ ਵਿੱਚ ਪੰਜਾਬ ਨੂੰ ਪੱਕਾ ਡੀਜੀਪੀ ਨਹੀਂ ਦੇ ਸਕੀ ਹੈ ਜੋ ਮਜਬੂਤ ਫੈਸਲੇ ਲੈ ਸਕੇ। ਇਸ ਦੀ ਉਦਾਹਰਨ ਹੈ ਕਿ ਜਲੰਧਰ ਵਿੱਚ ਬਸਪਾ ਦੇ 163 ਵਰਕਰਾਂ ਤੇ ਪੰਜਾਬ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ। ਜਦੋਂ ਡੀਜੀਪੀ ਪੰਜਾਬ ਨਾਲ ਬਸਪਾ ਵਫਦ ਨੇ ਗੱਲਬਾਤ ਕੀਤੀ ਤਾਂ ਡੀਜੀਪੀ ਪੰਜਾਬ ਇਕ ਸਾਲ ਪਹਿਲਾਂ ਮੰਨ ਗਿਆ ਸੀ ਇਹ ਝੂਠੇ ਪਰਚੇ ਵਾਪਸ ਲਵਾਂਗੇ ਅੱਜ ਤੱਕ ਵੀ ਇਹ ਝੂਠੇ ਪਰਚੇ ਹੇਠਲੇ ਅਫਸਰ ਵਾਪਸ ਲੈ ਨਹੀਂ ਸਕੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਨੇ ਜਲੰਧਰ ਚ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸੁਣੀਆਂ ਸ਼ਿਕਾਇਤਾਂ

ਉਨਾਂ ਕਿਹਾ ਕਿ ਸੰਗਰੂਰ ਜਿਲੇ ਵਿੱਚ ਦਲਿਤ ਨੌਜਵਾਨ ਦੀ ਉੱਚ ਜਾਤੀ ਦੇ ਲੋਕਾਂ ਨੇ ਕੁੱਟਮਾਰ ਕੀਤੀ ਪਰ ਦੋਸ਼ੀ ਅੱਜ ਤੱਕ ਵੀ ਪੰਜਾਬ ਪੁਲਿਸ ਦੀ ਪਕੜ ਤੋਂ ਬਾਹਰ ਹਨ।  ਉਨਾਂ ਕਿਹਾ ਕਿ  ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤਾਂ ਪਿਛੜੀਆਂ ਸ਼੍ਰੇਣੀਆਂ ਤੇ ਗਰੀਬਾਂ ਨੂੰ ਇਨਸਾਫ ਦੇਣ ਦੇ ਮੁੱਦੇ ਉਤੇ ਫਾਡੀ ਨਜ਼ਰ ਆਉਂਦੀ ਹੈ।

ਗੜੀ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਂਦੀਆਂ ਸਾਰੀਆਂ ਪਹੁੰਚ ਸੜਕਾਂ ਖੂਨੀ ਸੜਕਾਂ ਬਣ ਚੁੱਕੀਆਂ ਹਨ ਜਿੱਥੇ ਹਰ ਸਾਲ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੁਰਘਟਨਾਵਾਂ ਦਾ ਸ਼ਿਕਾਰ ਹੋਕੇ ਅਣਕਿਆਸੀ ਮੌਤ ਦਾ ਸ਼ਿਕਾਰ ਹੋ ਜਾਂਦੀਆਂ ਹਨ। ਤਾਜ਼ਾ ਉਦਾਹਰਣ ਜ਼ਿਲਾਂ ਪਟਿਆਲੇ ਦੀ ਤਹਿਸੀਲ ਰਾਜਪੁਰੇ ਦਾ ਪਿੰਡ ਉੜਦਨ ਹੈ ਜਿੱਥੇ ਪਿਛਲੇ ਦਿਨੀ ਐਕਸੀਡੈਂਟ ਨਾਲ 4 ਸ਼ਰਧਾਲੂ ਮੌਤ ਦੇ ਮੂੰਹ ਵਿਚ ਚਲੇ ਗਏ ਅਤੇ 42ਜਖਮੀ ਹੋ ਗਏ ਸਨ। ਉਨਾਂ ਕੇਂਦਰ ਸਰਕਾਰ ਨੂੰ ਸ਼੍ਰੀ ਖੁਰਾਲਗੜ੍ਹ ਸਾਹਿਬ ਦੀਆਂ ਇਹਨਾਂ ਸੜਕਾਂ ਨੂੰ ਚਾਰ ਮਾਰਗੀ ਬਣਾਉਣ ਦੀ ਮੰਗ ਕੀਤੀ ਹੈ।
ਵਿਧਾਇਕ ਡਾਕਟਰ ਨਛੱਤਰ ਪਾਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬ ਦੇ ਗਰੀਬਾਂ ਅਨੁਸੂਚਿਤ ਜਾਤੀ ਵਰਗਾਂ ਵਿਛੜੀਆਂ ਸ਼੍ਰੇਣੀਆਂ ਆਦਿ ਤੇ ਹੋ ਰਹੇ ਜੁਲਮਾਂ ਖਿਲਾਫ ਆਵਾਜ਼ ਅਸੀਂ ਹਮੇਸ਼ਾ ਚੁੱਕਦੇ ਰਹਾਂਗੇ। ਇਸ ਮੌਕੇ ਵਿਧਾਇਕ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਵਿਧਾਇਕਾਂ ਨੂੰ ਜਰੂਰ ਘੇਰਕੇ ਪੁੱਛਣ ਕਿ ਦਲਿਤਾਂ, ਪਿਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਦੇ ਹੱਕ ਵਿੱਚ ਆਵਾਜ਼ ਕਿਉਂ ਨਹੀਂ ਚੁੱਕਦੇ।

ਹੋਰ ਪੜ੍ਹੋ 👉  ਬੈਂਸ ਨੇ ਸਵਾਂ ਨਦੀ ਅਤੇ ਸਤਲੁਜ ਦਰਿਆ ਉੱਤੇ ਬਣਾਏ ਜਾ ਰਹੇ ਪੁਲਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

Leave a Reply

Your email address will not be published. Required fields are marked *